ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਜਲੰਧਰ – ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਦੇ ਬੰਦ ਹੋਣ ਕਾਰਨ ਆਈ. ਸੀ. ਯੂ. ਵਿੱਚ ਦਾਖ਼ਲ 3 ਮਰੀਜ਼ਾਂ ਦੀ ਮੌਤ ਮਾਮਲੇ ‘ਚ ਸਿਹਤ ਵਿਭਾਗ ਵੱਲੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ‘ਚ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਸ਼ੁਰੂਆਤੀ ਰਿਪੋਰਟ ਆਉਣ ਮਗਰੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਤਿੰਨ ਡਾਕਟਰਾਂ ਨੂੰ ਸਸਪੈਂਡ ਕਰ ਦਿੱਤਾ ਸੀ। 

PunjabKesari

ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਦੋਬਾਰਾ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਟਰੌਮਾ ਵਾਰਡ, ਜਨਰੇਟਰ ਰੂਮ ਅਤੇ ਤਿੰਨ ਆਕਸੀਜਨ ਪਲਾਂਟਾਂ ਦੀ ਜਾਂਚ ਕੀਤੀ। ਸਸਪੈਂਡ ਹੋਏ ਡਾਕਟਰਾਂ ਵਿੱਚ ਡਾ. ਰਾਜਕੁਮਾਰ (MS), ਡਾ. ਸੁਰਜੀਤ ਸਿੰਘ (SMO) ਅਤੇ ਐਨੇਸਥੀਸੀਆ ਵਿਭਾਗ ਦੀ ਡਾ. ਸੋਨਾਖਸ਼ੀ ਸ਼ਾਮਲ ਹਨ। ਜਦਕਿ ਡਾ. ਸ਼ਵਿੰਦਰ ਸਿੰਘ ਜੋ ਹਾਉਸ ਸਰਜਨ ਸਨ ਅਤੇ ਜਿਨ੍ਹਾਂ ਦੀ ਉਸ ਵੇਲੇ ਡਿਊਟੀ ਸੀ, ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ।

ਸਿਹਤ ਮੰਤਰੀ ਨੇ ਕਿਹਾ ਕਿ ਸਸਪੈਂਡ ਹੋਏ ਡਾਕਟਰਾਂ ਦਾ ਪੱਖ ਵੀ ਸੁਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ‘ਚ ਦਵਾਈਆਂ ਦੀ ਕੋਈ ਘਾਟ ਨਹੀਂ, ਬਿਜਲੀ ਦੀ ਵੀ ਵਾਫ਼ਰ ਮਾਤਰਾ ਹੈ ਅਤੇ ਡਾਕਟਰਾਂ ਦੀ ਤਨਖ਼ਾਹ ਵਧਾ ਦਿੱਤੀ ਗਈ ਹੈ। ਉਨ੍ਹਾਂ ਡਾਕਟਰਾਂ ਨੂੰ ਮਰੀਜ਼ਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ, ਜਿਸ ਦੀ ਵਿਸਥਾਰ ਨਾਲ ਜਾਂਚ ਹੋਵੇਗੀ ਅਤੇ ਹੋਰ ਅਧਿਕਾਰੀਆਂ ‘ਤੇ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸਟਾਫ਼ ਨੂੰ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

PunjabKesari

ਸਿਹਤ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੀ. ਜੀ. ਆਈ. ਹਸਪਤਾਲ ਵਿੱਚ ਨਰਸਾਂ ਹੜਤਾਲ ‘ਤੇ ਹਨ। ਪੀ. ਜੀ. ਆਈ. ਦੇ ਨਾਲ-ਨਾਲ ਸੈਕਟਰ 32 ਵਿੱਚ ਵੀ ਸਟਾਫ਼ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਸਪਤਾਲਾਂ ਵਿੱਚ ਵੀ ਸਟਾਫ਼ ਦੀ ਘਾਟ ਹੈ। ਸੈਕਟਰ 32 ਅਤੇ ਪੀ. ਜੀ. ਆਈ. ਵਿੱਚ ਇਲਾਜ ਮੁਫ਼ਤ ਨਹੀਂ ਹੈ, ਪੈਸੇ ਲਏ ਜਾਂਦੇ ਹਨ ਪਰ ਫਿਰ ਵੀ ਸਟਾਫ਼ ਦੀ ਘਾਟ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਕੋਈ ਸੇਵਾਵਾਂ ਨਹੀਂ ਸਨ, ਉਹ ਖ਼ੁਦ ਉਥੇ ਗਏ ਅਤੇ ਇਹ ਸੇਵਾਵਾਂ ਸ਼ੁਰੂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜੋ ਯੂਨੀਵਰਸਲ ਹੈਲਥ ਕੇਅਰ ਕਰ ਰਿਹਾ ਹੈ ਅਤੇ ਯੂਨੀਵਰਸਲ ਦਵਾਈਆਂ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦੀ ਫ਼ੋਨ ਕਰਕੇ ਉਨ੍ਹਾਂ ਨਾਲ ਗੱਲ ਕਰਨ ਲਈ ਵੀ ਕਿਹਾ।

By Gurpreet Singh

Leave a Reply

Your email address will not be published. Required fields are marked *