ਚੰਡੀਗੜ੍ਹ (ਗੁਰਪ੍ਰੀਤ ਸਿੰਘ): ਚੰਡੀਗੜ੍ਹ ਵਿੱਚ ਮੰਗਲਵਾਰ ਦੁਪਹਿਰ ਨੂੰ ਅਚਾਨਕ ਸ਼ੁਰੂ ਹੋਏ ਭਾਰੀ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਥੋੜ੍ਹੇ ਸਮੇਂ ਦੀ ਬਾਰਿਸ਼ ਨੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੂੰ ਝੀਲ ਵਿੱਚ ਬਦਲ ਦਿੱਤਾ, ਜਿਸ ਕਾਰਨ ਵਾਹਨ ਚਾਲਕਾਂ ਅਤੇ ਸਧਾਰਣ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੈਕਟਰ 27 ਦੇ ਚੌਕ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ, ਅਤੇ ਦੋਪਹੀਆ ਵਾਹਨ ਸੜਕਾਂ ‘ਤੇ ਫਸ ਗਏ।
ਸਭ ਤੋਂ ਗੰਭੀਰ ਸਮੱਸਿਆ ਪੀਜੀਆਈ ਅਤੇ ਨਹਿਰੂ ਹਸਪਤਾਲ ਵਿੱਚ ਵੇਖੀ ਗਈ, ਜਿੱਥੇ ਕੰਟੀਨ ਅਤੇ ਹੋਰ ਹਿੱਸਿਆਂ ਵਿੱਚ ਪਾਣੀ ਦਾਖਲ ਹੋ ਗਿਆ। ਇਸ ਕਾਰਨ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਹਸਪਤਾਲ ਸਟਾਫ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਨਾਕਾਫੀ ਡਰੇਨੇਜ ਸਿਸਟਮ ਕਾਰਨ ਹਰ ਸਾਲ ਮੀਂਹ ਦੇ ਮੌਸਮ ਵਿੱਚ ਅਜਿਹੀ ਸਥਿਤੀ ਪੈਦਾ ਹੁੰਦੀ ਹੈ।ਸ਼ਹਿਰ ਦੇ ਕਈ ਹਿੱਸਿਆਂ ਵਿੱਚ ਵਾਹਨ ਪਾਣੀ ਵਿੱਚ ਫਸਣ ਕਾਰਨ ਟ੍ਰੈਫਿਕ ਦੀ ਰਫਤਾਰ ਰੁਕ ਗਈ।
ਦਫਤਰਾਂ ਤੋਂ ਘਰ ਪਰਤ ਰਹੇ ਲੋਕਾਂ ਨੂੰ ਜਾਮ ਅਤੇ ਪਾਣੀ ਭਰੀਆਂ ਸੜਕਾਂ ਦੀ ਦੋਹਰੀ ਮਾਰ ਝੱਲਣੀ ਪਈ। ਸੈਕਟਰ 27 ਵਿੱਚ ਟ੍ਰੈਫਿਕ ਪੁਲਿਸ ਨੇ ਜਾਮ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪਾਣੀ ਦੀ ਭਰਮਾਰ ਨੇ ਸਥਿਤੀ ਨੂੰ ਹੋਰ ਜਟਿਲ ਕਰ ਦਿੱਤਾ।
ਮੌਸਮ ਵਿਭਾਗ ਦੀ ਚੇਤਾਵਨੀ: ਅਗਲੇ ਦਿਨਾਂ ‘ਚ ਵੀ ਮੀਂਹ ਜਾਰੀ ਰਹਿਣ ਦੇ ਆਸਾਰ
ਮੌਸਮ ਵਿਭਾਗ ਨੇ ਚੰਡੀਗੜ੍ਹ ਵਾਸੀਆਂ ਨੂੰ ਸੁਚੇਤ ਕਰਦਿਆਂ ਦੱਸਿਆ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਮੀਂਹ ਦੀ ਸਥਿਤੀ ਬਣੀ ਰਹੇਗੀ। ਬੁੱਧਵਾਰ ਅਤੇ ਵੀਰਵਾਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ, ਜਦਕਿ ਸ਼ੁੱਕਰਵਾਰ ਨੂੰ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਗੈਰ-ਜ਼ਰੂਰੀ ਸਫਰ ਤੋਂ ਬਚਣ।
ਸ਼ਹਿਰ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਡਰੇਨੇਜ ਸਿਸਟਮ ਨੂੰ ਸੁਧਾਰਿਆ ਜਾਵੇ ਅਤੇ ਹਸਪਤਾਲਾਂ ਵਰਗੀਆਂ ਅਹਿਮ ਥਾਵਾਂ ‘ਤੇ ਪਾਣੀ ਭਰਨ ਦੀ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇ। ਪੀਜੀਆਈ ਪ੍ਰਸ਼ਾਸਨ ਨੇ ਵੀ ਪਾਣੀ ਨਿਕਾਸੀ ਲਈ ਤੁਰੰਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਭਾਰੀ ਮੀਂਹ ਨੇ ਚੰਡੀਗੜ੍ਹ ਦੇ ਨਾਗਰਿਕਾਂ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਅਗਲੇ ਦਿਨਾਂ ਵਿੱਚ ਮੀਂਹ ਦੀ ਸਥਿਤੀ ਅਤੇ ਪ੍ਰਸ਼ਾਸਨ ਦੇ ਕਦਮਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।
