ਨੈਸ਼ਨਲ ਟਾਈਮਜ਼ ਬਿਊਰੋ :- ਸਿੱਖਾਂ ਦੇ ਦਸਵੇਂ ਗੁਰੂ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਦਾ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ, ਜੋ ਕਿ ਪ੍ਰਸਿੱਧ ਸਿੱਖ ਤੀਰਥ ਅਸਥਾਨ ਹੈ, ਜਿਹੜਾ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿਚ ਹਿਮਾਲਿਆ ਪਰਬਤ ਮਾਲਾ ਵਿਚ 4632 ਮੀਟਰ (15200 ਫੁੱਟ ਉਚਾਈ) ’ਤੇ ਸਥਿਤ ਹੈ। ਇਹ ਹਿਮਨਦ ਝੀਲ ਦੇ ਕਿਨਾਰੇ 7 ਪਹਾੜਾਂ ਦੇ ਵਿਚਕਾਰ ਸਥਿਤ ਹੈ।
ਬੀਤੇ ਦਿਨੀਂ ਉੱਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ, ਜਿਸ ਕਾਰਨ ਚਮੌਲੀ ਜਨਪਦ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ। ਸਿੱਖ ਧਾਰਮਿਕ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ, ਵੈਲੀ ਆਫ ਫਲਾਵਰਸ ਅਤੇ ਦ੍ਰੋਣਾਗਿਰੀ ਵੈਲੀ ਬਰਫ਼ਬਾਰੀ ਹੋਈ ਹੈ, ਇਸ ਨਾਲ ਇਨ੍ਹਾਂ ਸਥਾਨਾਂ ਦੀ ਸੁੰਦਰਤਾ ਵਿਚ ਚਾਰ-ਚੰਨ ਲੱਗ ਗਏ ਹਨ। ਬਰਫ਼ਬਾਰੀ ਨਾਲ ਹੇਠਲੇ ਇਲਾਕਿਆਂ ਵਿਚ ਵੀ ਤਾਪਮਾਨ ਡਿੱਗ ਗਿਆ ਹੈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰੇ ਸ੍ਰੀ ਹੇਮਕੁੰਟ ਸਾਹਿਬ ਵਿਚ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਹੈ।
ਉਥੇ ਹੀ, ਬਰਫ਼ਬਾਰੀ ਵਿਚਕਾਰ ਸ਼ਰਧਾਲੂ ਲੰਗਰ ਵਿਚ ਪ੍ਰਸ਼ਾਦਾ ਛਕਣ ਤੋਂ ਬਾਅਦ ਵਾਪਸ ਘਾਂਘਰੀਆ ਨੂੰ ਰਵਾਨਾ ਹੋ ਰਹੇ ਹਨ। ਸੁਰੱਖਿਆ ਲਈ ਤਾਇਨਾਤ ਐੱਸ. ਡੀ. ਆਰ. ਐੱਫ. ਦੀ ਟੀਮ ਵੀ ਸ੍ਰੀ ਹੇਮਕੁੰਟ ਸਾਹਿਬ ਵਿਚ ਸਪੀਕਰ ਜ਼ਰੀਏ ਸਾਰੇ ਸ਼ਰਧਾਲੂਆਂ ਨੂੰ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਧਾਮ ਵਿਚ ਮੌਸਮ ਵਿਗੜ ਰਿਹਾ ਹੈ, ਲਿਹਾਜ਼ਾ ਜਲਦ ਵਾਪਸ ਗੋਵਿੰਦ ਧਾਮ ਘਾਂਘਰੀਆ ਵੱਲ ਰਵਾਨਾ ਹੋਣ। ਪਾਠਕਾਂ ਨੂੰ ਦੱਸ ਦੇਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣ ਤੋਂ ਬਾਅਦ ਹੁਣ ਤਕ ਲੱਗਭਗ 40 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਇਸ ਅਲੌਕਿਕ ਅਤੇ ਮਨਮੋਹਣੇ ਸਥਾਨ ’ਤੇ ਸਥਾਪਤ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਹਨ।
