ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ: 5000 ਪੁਲਿਸ ਕਰਮਚਾਰੀ ਤਾਇਨਾਤ, 150 ਸੀਸੀਟੀਵੀ ਕੈਮਰੇ ਲਗੇ

ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੁਲਿਸ ਦੀ ਵਿਸ਼ੇਸ਼ ਬੈਠਕ ਹੋਈ। ਬੈਠਕ ਉਪਰੰਤ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹੋਲਾ ਮਹੱਲਾ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿੱਥੇ 25 ਐੱਸ.ਪੀ ਅਤੇ 46 ਡੀ.ਐੱਸ.ਪੀ ਸਮੇਤ ਲਗਭਗ 5000 ਪੁਲਿਸ ਕਰਮਚਾਰੀ 24 ਘੰਟੇ ਨਜ਼ਰ ਰੱਖਣਗੇ। ਇਸ ਵਾਰ 150 ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ, ਜਿਸ ਨਾਲ ਗੈਰ ਸਮਾਜੀ ਅਨਸਰਾਂ ਅਤੇ ਹੁੱਲੜਬਾਜ਼ਾਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ।

ਦੱਸ ਦਈਏ ਕਿ ਹੋਲਾ ਮਹੱਲਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਪਿਤ ਸ਼ੁਕਲਾ ਨੇ ਦੱਸਿਆ ਕਿ “ਲੱਖਾਂ ਸੰਗਤ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚਦੀ ਹੈ। ਸ਼ਰਧਾਲੂਆਂ ਲਈ ਪਾਰਕਿੰਗ ਦਾ ਢੁੱਕਵਾ ਪ੍ਰਬੰਧ ਅਤੇ ਪਾਰਕਿੰਗ ਵਾਲੀਆਂ ਥਾਵਾਂ ਤੋਂ ਮੁਫਤ ਸ਼ਟਲ ਬੱਸ ਸਰਵਿਸ ਅਤੇ ਪਹਿਲੀ ਵਾਰ ਈ ਰਿਕਸ਼ਾ ਦੀ ਵਿਵਸਥਾ ਕੀਤੀ ਗਈ ਹੈ।”

ਉਨ੍ਹਾਂ ਨੇ ਦੱਸਿਆ ਕਿ ਸੁਚਾਰੂ ਟ੍ਰੈਫਿਕ ਵਿਵਸਥਾ ਲਈ ਰੂਟ ਡਾਇਵਰਜ਼ਨ ਅਤੇ ਮੇਲਾ ਖੇਤਰ ਨੂੰ ਆਉਣ ਵਾਲੇ ਰਸਤਿਆਂ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ। ਟਰੈਕਟਰ, ਟਰਾਲੀਆ, 2 ਪਹੀਆ ਵਾਹਨਾ ਉੱਤੇ ਆਉਣ ਵਾਲੀ ਸੰਗਤ ਨੂੰ ਉੱਚੀ ਅਵਾਜ਼ ਵਾਲੇ ਸਪੀਕਰ ਨਾ ਲਗਾਉਣ ਦੀ ਅਪੀਲ ਵੀ ਕੀਤੀ ਹੈ। ਨੌਜਵਾਨਾਂ ਨੂੰ ਸਟੰਟ ਕਰਕੇ ਆਪਣੀ ਜਾਨ ਖਤਰੇ ਵਿੱਚ ਪਾਉਣ ਤੋਂ ਵਰਜਿਆ ਹੈ। ਮੇਲਾ ਖੇਤਰ ਵਿੱਚ ਅਮਨ ਅਤੇ ਕਾਨੂੰਨ ਨੂੰ ਬਹਾਲ ਰੱਖਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਿਹੜੀਆਂ ਪਾਬੰਦੀਆ ਲਗਾਈਆਂ ਗਈਆਂ ਹਨ ਉਨ੍ਹਾ ਦੀ ਸ਼ਰਧਾਲੂਆਂ ਨੂੰ ਪਾਲਣਾ ਕਰਨ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਵੱਧ ਸੰਗਤ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਆਮ ਲੋਕਾਂ ਤੋ ਸਹਿਯੋਗ ਮੰਗਿਆ ਹੈ ਕਿ ਉਹ ਪ੍ਰਸਾਸ਼ਨ ਤੇ ਪੁਲਿਸ ਨੂੰ ਸਹਿਯੋਗ ਦੇਣ।

By Gurpreet Singh

Leave a Reply

Your email address will not be published. Required fields are marked *