ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ: ਸਿੰਧੂ ਤੋਂ ਬਿਨਾਂ ਸੌਖਾ ਨਹੀਂ ਭਾਰਤ ਦਾ ਰਾਹ
ਨੈਸ਼ਨਲ ਟਾਈਮਜ਼ ਬਿਊਰੋ:- ਓਲੰਪਿਕ ਵਿੱਚ ਦੋ ਤਗ਼ਮੇ ਜੇਤੂ ਪੀਵੀ ਸਿੰਧੂ ਦੇ ਜ਼ਖ਼ਮੀ ਹੋਣ ਕਾਰਨ ਇੱਥੇ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਸੋਨ ਤਗ਼ਮਾ ਜਿੱਤਣ ਦਾ ਰਸਤਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਭਾਰਤ ਨੇ ਦੋ ਸਾਲ ਪਹਿਲਾਂ ਦੁਬਈ ਵਿੱਚ ਖੇਡੇ ਗਏ ਟੂਰਨਾਮੈਂਟ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਅਤੇ ਇਸ ਵਿੱਚ ਸਿੰਧੂ ਨੇ ਅਹਿਮ ਭੂਮਿਕਾ ਨਿਭਾਈ ਸੀ।
ਉਸ ਦੇ ਬਾਹਰ ਹੋਣ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਸਿੰਧੂ ਗੁਹਾਟੀ ਵਿੱਚ ਸਿਖਲਾਈ ਕੈਂਪ ਦੌਰਾਨ ਜ਼ਖਮੀ ਹੋ ਗਈ ਸੀ, ਜਿਸ ਕਾਰਨ ਉਸ ਨੂੰ ਆਖਰੀ ਸਮੇਂ ’ਤੇ ਟੂਰਨਾਮੈਂਟ ਤੋਂ ਹਟਣਾ ਪਿਆ। ਉਸ ਦੀ ਗੈਰਹਾਜ਼ਰੀ ਵਿੱਚ ਵਿਸ਼ਵ ਦੀ 29ਵੀਂ ਨੰਬਰ ਦੀ ਖਿਡਾਰਨ ਮਾਲਵਿਕਾ ਬੰਸੋਦ ਨੂੰ ਮਹਿਲਾ ਸਿੰਗਲਜ਼ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਟੂਰਨਾਮੈਂਟ ਵਿੱਚ ਭਾਰਤ ਨੂੰ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ, ਜਿੱਥੇ ਉਹ ਬੁੱਧਵਾਰ ਨੂੰ ਮਕਾਓ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗਾ।
ਮਗਰੋਂ ਭਾਰਤੀ ਟੀਮ ਨੂੰ ਵੀਰਵਾਰ ਨੂੰ ਦੱਖਣੀ ਕੋਰੀਆ ਦੀ ਟੀਮ ਦਾ ਸਾਹਮਣਾ ਕਰਨਾ ਪਵੇਗਾ। ਹਰ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਕੁਆਰਟਰ ਫਾਈਨਲ ’ਚ ਪਹੁੰਚਣਗੀਆਂ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ’ਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਪਰ ਅੱਗੇ ਵਧਣ ਲਈ ਉਸ ਨੂੰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੇ ਅਜੇ ਤੱਕ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਨਹੀਂ ਜਿੱਤਿਆ। ਭਾਰਤ ਨੇ ਹਾਲ ਹੀ ਦੇ ਸਮੇਂ ਵਿੱਚ ਟੀਮ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ 2022 ਵਿੱਚ ਥਾਮਸ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਭਾਰਤ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕਾ ਹੈ।