ਅਬੋਹਰ ਦੇ ਕੰਧਵਾਲਾ ਗੰਗਾਨਗਰ ਬਾਈਪਾਸ ‘ਤੇ ਭਿਆਨਕ ਹਾਦਸਾ; ਖੜੇ ਟਰੱਕ ਨਾਲ ਪਿਕਅਪ ਦੀ ਟੱਕਰ, ਚਾਲਕ ਦੀ ਮੌਕੇ ‘ਤੇ ਮੌਤ

ਗੁਰਪ੍ਰੀਤ ਸਿੰਘ :- ਅਬੋਹਰ ਦੇ ਕੰਧਵਾਲਾ ਗੰਗਾਨਗਰ ਬਾਈਪਾਸ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਖੜੇ ਟਰੱਕ ਨਾਲ ਪਿਕਅਪ ਗੱਡੀ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਹ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਪਿਕਅਪ ਗੱਡੀ ਮਲੋਟ ਤੋਂ ਗੰਗਾਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਕੰਧਵਾਲਾ ਗੰਗਾਨਗਰ ਬਾਈਪਾਸ ਰੋਡ ‘ਤੇ ਇੱਕ ਗੋਦਾਮ ਦੇ ਨੇੜੇ ਕਣਕ ਲੈ ਕੇ ਪਹੁੰਚੇ ਟਰੱਕ ਸੜਕ ਕਿਨਾਰੇ ਖੜੇ ਸਨ। ਇਸੇ ਵੇਲੇ ਤੇਜ਼ ਰਫ਼ਤਾਰ ਪਿਕਅਪ ਗੱਡੀ ਖੜੇ ਟਰੱਕ ਨਾਲ ਜਾ ਟਕਰਾਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅਪ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ ਅਤੇ ਚਾਲਕ ਗੱਡੀ ਅੰਦਰ ਫਸ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਰਾਹਤ ਟੀਮਾਂ ਵੱਲੋਂ ਗੱਡੀ ਦੀ ਬਾਡੀ ਤੋੜ ਕੇ ਚਾਲਕ ਨੂੰ ਬਾਹਰ ਕੱਢਿਆ ਗਿਆ, ਪਰ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *