Punjab ਸਕੂਲ ਦੇ ਬਾਹਰ ਭਿਆਨਕ ਬਣੇ ਹਾਲਾਤ, ਘਟਨਾ ਦੇਖ ਦਹਿਲ ਗਿਆ ਸਭ ਦਾ ਦਿਲ

ਫਰੀਦਕੋਟ : ਫਰੀਦਕੋਟ ਦੇ ਇਕ ਨਿੱਜੀ ਸਕੂਲ ਦੇ ਬਾਹਰ ਛੁੱਟੀ ਮੌਕੇ ਉਸ ਵੇਲੇ ਡਰ ਦਾ ਮਾਹੌਲ ਬਣ ਗਿਆ ਜਦੋਂ ਪਾਰਕਿੰਗ ‘ਚ ਖੜੀ ਇਕ ਵੈਗਨਰ ਕਾਰ ਨੂੰ ਸਟਾਰਟ ਕਰਨ ਸਮੇਂ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ ਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਕਾਰ ਚਾਲਕ ਨੇ ਬਹੁਤ ਹੀ ਫੁਰਤੀ ਨਾਲ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਗਸ਼ਤ ਟੀਮ ਮੌਕੇ ‘ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਲਦੀ ਹੀ ਮੌਕੇ ‘ਤੇ ਪੁੱਜ ਗਈਆਂ। ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ। ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੀ ਮੁਸਤੈਦੀ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਕਿਉਂਕਿ ਕਾਰ ਵਿਚ CNG ਕਿੱਟ ਲੱਗੀ ਹੋਈ ਸੀ ਅਤੇ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਤਾਂ CNG ਟੈਂਕ ਫਟਣ ਦਾ ਖਦਸ਼ਾ ਬਣ ਗਿਆ ਸੀ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਘਟਨਾ ਮੌਕੇ ਵੱਡੀ ਗਿਣਤੀ ਚ ਸਕੂਲ ਦੇ ਬੱਚੇ ਛੁੱਟੀ ਸਮੇਂ ਬਾਹਰ ਆ ਰਹੇ ਸਨ।

ਕਾਰ ਚਾਲਕ ਨਵੀਨ ਕੁਮਾਰ ਨੇ ਦੱਸਿਆ ਕਿ ਛੁੱਟੀ ਮੌਕੇ ਸਕੂਲ ਤੋਂ ਆਪਣੇ ਬੱਚਿਆਂ ਨੂੰ ਲੈਣ ਆਇਆ ਸੀ ਅਤੇ ਜਦ ਉਹ ਕਾਰ ਸਟਾਰਟ ਕਰਨ ਲੱਗਾ ਤਾਂ ਉਸਨੂੰ ਕੁਝ ਸੜਨ ਦੀ ਬਦਬੂ ਆਈ ਜਿਸ ਤੋਂ ਬਾਅਦ ਉਹ ਕਾਰ ਵਿਚੋਂ ਬਾਹਰ ਉੱਤਰ ਆਇਆ ਅਤੇ ਦੇਖਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਸੀ। ਉਸਨੇ ਦੱਸਿਆ ਕਿ ਕਿਸੇ ਤਾਰ ਦੇ ਸਪਾਰਕਿੰਗ ਨਾਲ ਇਹ ਅੱਗ ਲੱਗੀ ਹੋਈ ਜਾਪਦੀ ਸੀ। ਸ਼ੁੱਕਰ ਹੈ ਕਿ ਉਸ ਵਕਤ ਬੱਚੇ ਅਜੇ ਗੱਡੀ ਤੋਂ ਬਾਹਰ ਹੀ ਸਨ। 

ਘਟਨਾ ਦਾ ਪਤਾ ਚੱਲਦੇ ਹੀ ਮੌਕੇ ‘ਤੇ ਪਹੁੰਚੇ ਥਾਮਾ ਸਿਟੀ ਫਰੀਦਕੋਟ ਦੇ ਐਡੀਸ਼ਨਲ SHO ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਸ਼ਮੇਸ਼ ਸਕੂਲ ਦੇ ਬਾਹਰ ਕਿਸੇ ਕਾਰ ਨੂੰ ਅੱਗ ਲੱਗੀ ਹੈ, ਉਨ੍ਹਾਂ ਦੱਸਿਆ ਕਿ ਉਹ ਮੌਕੇ ‘ਤੇ ਪਹੁੰਚੇ ਤਾਂ ਵੈਗਨਰ ਕਾਰ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਮੌਕੇ ‘ਤੇ ਫਾਇਰ ਬਰਗੇਡ ਕਰਮਚਾਰੀਆਂ ਵੱਲੋਂ ਮੁਸ਼ੱਕਤ ਨਾਲ ਬੁਝਾ ਦਿਤਾ ਗਿਆ। ਉਨ੍ਹਾਂ ਦੱਸਿਆ ਕਿ ਕਾਰ ਵਿਚ CNG ਕਿੱਟ ਲੱਗੀ ਹੋਈ ਹੈ ਅਤੇ ਮਕੈਨਿਕ ਨੂੰ ਬੁਲਾਇਆ ਗਿਆ ਹੈ ਤਾਂ ਜੋ CNG ਸਿਲੰਡਰ ਨੂੰ ਬੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਰ ਸਵਾਰ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

By nishuthapar1

Leave a Reply

Your email address will not be published. Required fields are marked *