ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਜੰਡ ਪੀਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪ੍ਰਵਾਸੀ ਵਿਅਕਤੀ ਦੇ ਕਤਲ ਦੀ ਸੂਚਨਾ ਮਿਲੀ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਭਰਾ ਦਾ ਨਾਂ ਮੁਹੰਮਦ ਮਜੀਦ ਹੈ ਤੇ ਅਸੀਂ ਬਿਹਾਰ ਦੇ ਰਹਿਣ ਵਾਲੇ ਹਾਂ। ਮੁਹੰਮਦ ਮਜੀਦ ਪਿਛਲੇ ਦੋ ਸਾਲ ਤੋਂ ਇਸ ਮਕਾਨ ਵਿੱਚ ਕਿਰਾਏ ‘ਤੇ ਰਹਿੰਦਾ ਸੀ ਤੇ ਮਕਾਨ ਮਾਲਕ ਨਾਲ ਕਿਰਾਏ ਨੂੰ ਲੈ ਕੇ ਝਗੜਾ ਹੋਣ ਦੇ ਚਲਦੇ ਮਕਾਨ ਮਾਲਕ ਵੱਲ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ।
ਉੱਥੇ ਹੀ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਕਤਲ ਦੀ ਸੂਚਨਾ ਮਿਲਣ ‘ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਘਟਨਾ ਸਥਲ ‘ਤੇ ਪਹੁੰਚੇ ਏ. ਸੀ. ਪੀ. ਸ਼ਿਵਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਮੁਹੰਮਦ ਮਜੀਦ ਨਾਂ ਦਾ ਵਿਅਕਤੀ ਜੋ ਕਿ ਪ੍ਰਵਾਸੀ ਹੈ ਬਿਹਾਰ ਦਾ ਰਹਿਣ ਵਾਲਾ ਹੈ, ਜੰਡ ਪੀਰ ਕਲੋਨੀ ‘ਚ ਕਤਲ ਗਿਆ ਹੈ। ਅਸੀਂ ਮੌਕੇ ‘ਤੇ ਪੁੱਜੇ ਹਾਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਰਹੇ ਹਾਂ ਪਰ ਉੱਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਧਰਮ ਵਿੱਚ ਪੋਸਟਮਾਰਟਮ ਨਹੀਂ ਹੁੰਦਾ, ਅਸੀਂ ਲਾਸ਼ ਆਪਣੇ ਪਿੰਡ ਬਿਹਾਰ ਲੈ ਕੇ ਜਾਵਾਂਗੇ।