ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਅੱਜ ਯਾਨੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜਾਂ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਸਖ਼ਤ ਸਬਕ ਸਿਖਾਇਆ। ਪਹਿਲਗਾਮ ਹਮਲੇ ਦਾ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਆਪਰੇਸ਼ਨ ਸਿੰਦੂਰ ਚਲਾ ਕੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਉਸ ਦੇ ਟਿਕਾਣੇ ਤੇ ਹਥਿਆਰ ਤਬਾਹ ਕਰ ਦਿੱਤੇ। ਸਿਸੋਦੀਆ ਨੇ ਕਿਹਾ ਕਿ ਪੂਰਾ ਦੇਸ਼ ਫ਼ੌਜ ਅਤੇ ਸਰਕਾਰ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਸੀ ਪਰ ਸਰਕਾਰ ਨੇ ਅਚਾਨਕ ਸੀਜਫਾਇਰ (ਜੰਗਬੰਦੀ) ਕਰ ਦਿੱਤਾ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਵਾਸੀਆਂ ਦੇ ਕੁਝ ਮਹੱਤਵਪੂਰਨ ਸਵਾਲਾਂ ਦਾ ਮੋਦੀ ਸਰਕਾਰ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀ ਦੇਸ਼ ਹੈ, ਜਿਸ ਖ਼ਿਲਾਫ਼ ਇਸ ਲੜਾਈ ‘ਚ ਪੂਰਾ ਭਾਰਤ ਇਕੱਠੇ ਖੜ੍ਹਾ ਸੀ ਤਾਂ ਅਚਾਨਕ ਸੀਜਫਾਇਰ ਕਿਉਂ ਕੀਤਾ ਗਿਆ? ਪਾਕਿਸਤਾਨ ਦੇ ਅੱਤਵਾਦੀਆਂ ਨੇ ਜਦੋਂ ਪਹਿਲਗਾਮ ‘ਚ ਹਮਲਾ ਕੀਤਾ ਅਤੇ ਸਾਡੀਆਂ ਭੈਣਾਂ ਹੱਥ ਜੋੜ ਕੇ ਉਨ੍ਹਾਂ ਦਾ ਸਿੰਦੂਰ ਨਾ ਉਜਾੜਣ ਦੀ ਗੁਹਾਰ ਲਗਾਉਂਦੀਆਂ ਰਹੀਆਂ ਪਰ ਉਹ ਅੱਤਵਾਦੀ ਨਹੀਂ ਮੰਨੇ ਤਾਂ ਜਦੋਂ ਆਪਰੇਸ਼ਨ ਸਿੰਦੂਰ ਦੇ ਐਕਸ਼ਨ ਤੋਂ ਬਾਅਦ ਪਾਕਿਸਤਾਨ ਗਿੜਗਿੜਾਉਣ ਲੱਗਾ ਤਾਂ ਮੋਦੀ ਜੀ ਕਿਉਂ ਮੰਨ ਗਏ? ਜੇਕਰ ਪਾਕਿਸਤਾਨ ਹੱਥ ਜੋੜ ਕੇ ਗਿੜਗਿੜਾ ਰਿਹਾ ਸੀ ਤਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ 1971 ਵਰਗਾ ਲਿਖਤੀ ਸਮਝੌਤਾ ਕਿਉਂ ਨਹੀਂ ਕਰਵਾਇਆ ਗਿਆ? ਇਸ ਸੀਜਫਾਇਰ ਤੋਂ ਬਾਅਦ ਪਹਿਲਗਾਮ ਦੇ ਪੀੜਤਾਂ ਅਤੇ ਦੇਸ਼ ਵਾਸੀਆਂ ਨੂੰ ਨਿਆਂ ਕਿਵੇਂ ਮਿਲੇਗਾ?