ਟਾਂਡਾ ਉੜਮੁੜ – ਹਾਈਵੇਅ ‘ਤੇ ਅੱਡਾ ਖੁੱਡਾ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਜੋੜੇ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਕੂਟਰੀ ਸਵਾਰ ਜੋੜਾ ਇਕ ਫਾਰਚੂਨਰ ਗੱਡੀ ਦੀ ਚਪੇਟ ਵਿਚ ਆ ਗਏ, ਜਿਸ ਕਾਰਨ ਸਕੂਟਰੀ ਸਵਾਰ ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਬਹਿਬੋਵਾਲ ਛੰਨੀਆਂ ਦੀ ਮੌਤ ਹੋ ਗਈ ਜਦਕਿ ਸੁਰਜੀਤ ਸਿੰਘ ਜ਼ਖ਼ਮੀ ਹੋ ਗਿਆ।
ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਦਲਜੀਤ ਸਿੰਘ ਅਤੇ ਰੁਚਿਕਾ ਡਡਵਾਲ ਨੇ ਮਦਦ ਕਰਕੇ ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਬਾਅਦ ਵਿਚ ਸੁਰਜੀਤ ਸਿੰਘ ਦੀ ਵੀ ਹੁਸ਼ਿਆਰਪੁਰ ਦੇ ਹਸਪਤਾਲ ਵਿਚ ਮੌਤ ਹੋ ਗਈ। ਇਹ ਹਾਦਸਾ ਹਾਈਵੇਅ ਕਿਨਾਰੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਿਆ। ਟਾਂਡਾ ਪੁਲਸ ਦੇ ਥਾਣੇਦਾਰ ਜਗਦੀਪ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਜੋੜਾ ਆਪਣੀ ਬੇਟੀ ਅਤੇ ਜਵਾਈ ਨੂੰ ਮਿਲ ਕੇ ਪਿੰਡ ਮੁਰਾਦਪੁਰ ਨਰਿਆਲ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ।