“ਮੈਂ ਅਜੇ ਵੀ ਲਾਲੂ ਪਰਿਵਾਰ ਦੀ ਨੂੰਹ ਹਾਂ”, ਐਸ਼ਵਰਿਆ ਰਾਏ ਦਾ ਵੱਡਾ ਬਿਆਨ

ਲਾਲੂ ਪਰਿਵਾਰ ‘ਚ ਚਲ ਰਹੇ ਘਰੇਲੂ ਮਾਮਲੇ ‘ਚ ਹੁਣ ਤੇਜ਼ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਇੱਕ ਖਾਸ ਇੰਟਰਵਿਊ ਦੌਰਾਨ ਐਸ਼ਵਰਿਆ ਨੇ ਕਿਹਾ ਕਿ  “ਲਾਲੂ ਪਰਿਵਾਰ ਨੇ ਮੈਨੂੰ ਝੂਠ ਬੋਲ ਕੇ ਠੱਗਿਆ। ਉਨ੍ਹਾਂ ਨੇ ਮੇਰੀ ਜ਼ਿੰਦਗੀ ਦਾ ਮਜ਼ਾਕ ਬਣਾ ਦਿੱਤਾ ਹੈ।” ਉਨ੍ਹਾਂ ਦੱਸਿਆ ਕਿ ਚੋਣਾਂ ਦੇ ਮੌਕੇ ‘ਤੇ ਇਹ ਸਾਰਾ ਨਾਟਕ ਰਚਿਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਬਾਅਦ ਪਰਿਵਾਰ ਫਿਰ ਇਕਜੁੱਟ ਹੋ ਜਾਵੇਗਾ ਅਤੇ ਤੇਜ਼ ਪ੍ਰਤਾਪ ਨੂੰ ਦੁਬਾਰਾ ਪਾਰਟੀ ਅਤੇ ਪਰਿਵਾਰ ‘ਚ ਲਿਆ ਜਾਵੇਗਾ।
ਐਸ਼ਵਰਿਆ ਰਾਏ ਨੇ ਕਿਹਾ ਕਿ, “ਰਾਬੜੀ ਦੇਵੀ ਤੇ ਤੇਜ਼ ਪ੍ਰਤਾਪ ਇੱਕਠੇ ਹਨ। ਰਾਬੜੀ ਜੀ ਕੱਲ੍ਹ ਹੀ ਉਨ੍ਹਾਂ ਦੇ ਘਰ ਗਈ ਹੋਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੋਵੇਗਾ ਕਿ ਚਿੰਤਾ ਨਾ ਕਰ, ਅਸੀਂ ਸਭ ਠੀਕ ਕਰ ਦਿਆਂਗੇ।” ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਨਾਟਕ ਘਰ ਵਿੱਚ ਬੈਠ ਕੇ ਬਣਾਇਆ ਜਾਂਦਾ ਹੈ। “ਘਰ ਦੇ ਲੋਕ ਮਿਲ ਬੈਠ ਕੇ ਪੂਰਾ ਸਕ੍ਰਿਪਟ ਲਿਖਦੇ ਹਨ ਤੇ ਬਾਅਦ ਵਿੱਚ ਉਸੀ ਅਨੁਸਾਰ ਨਾਟਕ ਕਰਦੇ ਹਨ।”  ਰਾਏ ਨੇ ਤੇਜਸਵੀ ਯਾਦਵ ‘ਤੇ ਸਵਾਲ ਚੁੱਕੇ। ਆਖ਼ਰ ਵਿਚ ਐਸ਼ਵਰਿਆ ਰਾਏ ਨੇ ਸਿੱਧਾ ਸੁਆਲ ਪਾਇਆ, “ਲਾਲੂ ਜੀ ਦੱਸਣ ਕਿ ਉਹ ਮੇਰੇ ਨਾਲ ਕੀ ਇਨਸਾਫ਼ ਕਰਨਗੇ? ਮੈਂ ਅਜੇ ਵੀ ਉਨ੍ਹਾਂ ਦੀ ਪਰਿਵਾਰ ਦੀ ਨੂੰਹ ਹਾਂ।” ਇਹ ਬਿਆਨ ਚੋਣਾਂ ਦੇ ਮਾਹੌਲ ਵਿਚ ਲਾਲੂ ਪਰਿਵਾਰ ਲਈ ਇੱਕ ਨਵੀਂ ਮੁਸੀਬਤ ਵਜੋਂ ਸਾਹਮਣੇ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਬਾਰੇ ਵੱਡਾ ਫੈਸਲਾ ਲੈਂਦੇ ਹੋਏ ਉਸ ਨੂੰ 6 ਸਾਲ ਲਈ ਪਾਰਟੀ ਤੇ ਪਰਿਵਾਰ ‘ਚੋਂ ਬਾਹਰ ਕਰ ਦਿੱਤਾ ਹੈ। ਇਹ ਫੈਸਲਾ ਤੇਜ ਪ੍ਰਤਾਪ ਵੱਲੋਂ ਆਪਣੀ ਪ੍ਰੇਮਿਕਾ ਅਨੁਸ਼ਕਾ ਯਾਦਵ ਨਾਲ ਇੱਕ ਤਸਵੀਰ ਸਾਂਝੀ ਕਰ ਕੇ ਆਪਣੇ ਰਿਸ਼ਤੇ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ। ਹਾਲਾਂਕਿ ਬਾਅਦ ਵਿੱਚ ਤੇਜ ਪ੍ਰਤਾਪ ਨੇ ਆਪਣੀ ਉਸ ਸੋਸ਼ਲ ਮੀਡੀਆ ਪੋਸਟ ਨੂੰ ਕਈ ਵਾਰ ਸੋਧਿਆ ਅਤੇ ਦਾਅਵਾ ਕੀਤਾ ਕਿ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਸੀ।

By Rajeev Sharma

Leave a Reply

Your email address will not be published. Required fields are marked *