ਜੇਕਰ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਹੋਰ ਦੇਰੀ ਕੀਤੀ ਤਾਂ ਵਿੱਢਾਂਗੇ ਤਿੱਖਾ ਸੰਘਰਸ਼ – ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ

ਜੇਕਰ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਹੋਰ ਦੇਰੀ ਕੀਤੀ ਤਾਂ ਵਿੱਢਾਂਗੇ ਤਿੱਖਾ ਸੰਘਰਸ਼ - ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ

ਅੰਮ੍ਰਿਤਸਰ : ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਇਕਾਈ ਅੰਮ੍ਰਿਤਸਰ ਵੱਲੋਂ ਮੈਰੀਟੋਰੀਅਸ ਸਕੂਲ ਦੇ ਗੇਟ ਅੱਗੇ ਛੁੱਟੀ ਸਮੇਂ ਤੋਂ ਬਾਅਦ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ, ਅਧਿਆਪਕਾਂ ਵਿੱਚ ਜ਼ੋਰਦਾਰ ਰੋਹ ਦੇਖਣ ਨੂੰ ਮਿਲਿਆ , ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ , ਸੂਬਾ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ ਜੋ ਕਿ ਹੁਣ ਸਹਿਣ ਨਹੀਂ ਕੀਤਾ ਜਾਵੇਗਾ।

ਸਿੱਖਿਆ ਤੇ ਸਿਹਤ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਨੇ ਮੈਰੀਟੋਰੀਅਸ ਅਧਿਆਪਕਾਂ ਦੇ ਅਹਿਮ ਨਤੀਜਿਆਂ ਨੂੰ ਰੋਲਿਆ ਹੈ, ਚੇਤੇ ਰਹੇ ਕਿ ਮੈਰੀਟੋਰੀਅਸ ਟੀਚਰਜ਼ ਦੀ ਮਿਹਨਤ ਸਦਕਾ 243 ਨੀਟ, 118 ਜੇ.ਈ.ਮੇਨ ਤੇ ਪੰਜਾਬ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਮੈਰਿਟ ਵਿੱਚੋਂ 86 ਮੈਰਿਟਾਂ ਆਈਆਂ ਸਨ , ਪਰ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਇਹੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ , ਆਖ਼ਿਰ ਐਨੀਂ ਦੇਰੀ ਹੋਣੀ ਠੀਕ ਨਹੀਂ , ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ , ਮੈਰੀਟੋਰੀਅਸ ਸਕੂਲਾਂ ਦੇ ਖ਼ੁਦ ਪ੍ਰੈਜ਼ੀਡੈਂਟ ਹਨ ਉਹਨਾਂ ਇੱਕ ਵੀ ਮੀਟਿੰਗ ਇਹਨਾਂ ਅਧਿਆਪਕਾਂ ਨਾਲ ਕਰਨੀ ਉੱਚਿਤ ਨਹੀਂ ਸਮਝੀ, ਨਾਂ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੋਈ ਸਾਰ ਲਈ , ਹੁਣ ਸਾਡੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਹੈ ਜੇਕਰ ਸਰਕਾਰ ਹੁਣ ਵੀ ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਹੱਲ ਨਾ ਕਰ ਪਾਈ ਤਾਂ ਸੰਘਰਸ਼ ਦੇ ਤਿੱਖੇ ਰਾਹ ਪਿਆ ਜਾਵੇਗਾ।

ਇਸੇ ਤਰ੍ਹਾਂ ਜ਼ਿਲ੍ਹਾ ਕਮੇਟੀ ਮੈਂਬਰ ਅਵੀਨਾਸ਼ ਨੇ ਕਿਹਾ ਕਿ ਸਬ-ਕੈਬਨਿਟ ਕਮੇਟੀ ਦੀ ਮੀਟਿੰਗ ਅੱਗੇ ਦੀ ਅੱਗੇ ਪੈਣੀ ਮੰਦਭਾਗਾ ਵਰਤਾਰਾ ਹੈ , ਜੇਕਰ ਹੁਣ ਮਿਥੇ ਸਮੇਂ ਤੇ ਮੀਟਿੰਗ ਵਿੱਚ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲਦਾ ਤਾਂ ਮਜ਼ਬੂਰਨ ਸਾਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ , ਸੰਘਰਸ਼ ਦੌਰਾਨ ਜੋ ਵੀ ਗੰਭੀਰ ਸਿੱਟੇ ਨਿੱਕਲਣਗੇ ਉਸ ਪ੍ਰਤੀ ਪੰਜਾਬ ਸਰਕਾਰ ਜ਼ੁੰਮੇਵਾਰ ਹੋਵੇਗੀ ।

ਲਗਾਤਾਰ ਮੈਰੀਟੋਰੀਅਸ ਅਧਿਆਪਕਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਤੇ ਆਪਣੀਆਂ ਹੱਕੀ ਮੰਗਾਂ ਲਈ ਅਵਾਜ਼ ਬੁਲੰਦ ਕੀਤੀ । ਇਸ ਸਮੇਂ ਜੋਬਨਜੀਤ ਸਿੰਘ,ਰੂਪਲਾਲ, ਕਮਲਪ੍ਰੀਤ, ਪ੍ਰਦੀਪ ਕੁਮਾਰ,ਰਣਬੀਰ ਕੌਰ ਤੇ ਸਮੁੱਚੀ ਅੰਮ੍ਰਿਤਸਰ ਇਕਾਈ ਦੇ ਮੈਂਬਰ ਹਾਜ਼ਰ ਰਹੇ ।

By Gurpreet Singh

Leave a Reply

Your email address will not be published. Required fields are marked *