ਮੱਧ-ਪੂਰਬੀ ਜੰਗ ਦਾ ਅਸਰ ਹਵਾਈ ਸਫ਼ਰ ‘ਤੇ: ਕਈ ਦੇਸ਼ਾਂ ਨੇ ਏਅਰਸਪੇਸ ਬੰਦ ਕੀਤੇ, ਭਾਰਤ ‘ਚ ਐਮਰਜੈਂਸੀ ਐਡਵਾਈਜ਼ਰੀ ਜਾਰੀ

ਰਾਜੀਵ ਸ਼ਰਮਾ :- ਇਰਾਨ ‘ਚ ਛਿੜੀ ਜੰਗ ਕਾਰਨ ਹੁਣ ਦੁਨੀਆ ਭਰ ‘ਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਮੱਧ-ਪੂਰਬ ਦੇ ਕਈ ਦੇਸ਼ਾਂ ‘ਚ ਜੰਗ ਦਾ ਸੇਕ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਏਅਰਸਪੇਸ ਬੰਦ ਕਰ ਦਿੱਤੇ ਹਨ ਤੇ ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੇ ਸਿੱਧੇ ਟਕਰਾਅ ਦੇ ਨਾਲ-ਨਾਲ ਰੂਸ-ਯੂਕ੍ਰੇਨ ਜੰਗ ਕਾਰਨ ਕਈ ਪ੍ਰਮੁੱਖ ਹਵਾਈ ਰੂਟਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਹਵਾਈ ਰੈਗੂਲੇਟਰ (DGCA) ਨੇ ਅੱਜ ਇੱਕ ਐਮਰਜੈਂਸੀ ਐਡਵਾਈਜ਼ਰੀ ਜਾਰੀ ਕਰਕੇ ਭਾਰਤੀ ਏਅਰਲਾਈਨਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਸਫ਼ਰ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ।

ਇਰਾਨ ਅਤੇ ਇਜ਼ਰਾਈਲ ਵਿਚਾਲੇ ਜਾਰੀ ਹਮਲਿਆਂ ਕਾਰਨ ਦੋਵਾਂ ਦੇਸ਼ਾਂ ਨੇ ਆਪਣਾ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਰਾਕ, ਜਾਰਡਨ ਅਤੇ ਸੀਰੀਆ ਦੇ ਏਅਰਸਪੇਸ ‘ਤੇ ਵੀ ਜੰਗੀ ਮਿਜ਼ਾਈਲਾਂ ਦੇ ਖ਼ਤਰੇ ਕਾਰਨ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਯੂਕ੍ਰੇਨ ਦਾ ਹਵਾਈ ਖੇਤਰ ਪਹਿਲਾਂ ਹੀ ਬੰਦ ਹੈ, ਜਦਕਿ ਰੂਸ ਦੇ ਕਈ ਹਿੱਸਿਆਂ ਵਿੱਚ ਉਡਾਣਾਂ ‘ਤੇ ਰੋਕ ਜਾਰੀ ਹੈ। ਇਸ ਦੇ ਨਾਲ ਹੀ ਦੁਬਈ (UAE), ਕਤਰ ਅਤੇ ਕੁਵੈਤ ਵਰਗੇ ਵੱਡੇ ਹਵਾਈ ਅੱਡਿਆਂ ‘ਤੇ Emirates ਅਤੇ Qatar Airways ਵਰਗੀਆਂ ਏਅਰਲਾਈਨਾਂ ਨੇ ਵੀ ਜੰਗ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਇਨ੍ਹਾਂ ਪਾਬੰਦੀਆਂ ਕਾਰਨ ਭਾਰਤ ਤੋਂ ਯੂਰਪ ਅਤੇ ਅਮਰੀਕਾ ਜਾਣ ਵਾਲੀਆਂ ਫਲਾਈਟਾਂ ਹੁਣ ਇਰਾਨ ਜਾਂ ਰੂਸ ਦੇ ਉੱਪਰੋਂ ਲੰਘਣ ਦੀ ਬਜਾਏ ਲੰਬੇ ਚੱਕਰ ਲਗਾ ਕੇ ਜਾ ਰਹੀਆਂ ਹਨ। ਇਸ ਨਾਲ ਸਫ਼ਰ ਦਾ ਸਮਾਂ 5 ਤੋਂ 8 ਘੰਟੇ ਵਧ ਗਿਆ ਹੈ ਅਤੇ ਤੇਲ ਦੀ ਵੱਧ ਖਪਤ ਕਾਰਨ ਟਿਕਟਾਂ ਦੀਆਂ ਕੀਮਤਾਂ ‘ਚ ਵੀ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਇਹ ਟਿਕਟਾਂ ਹੁਣ 40 ਤੋਂ 60 ਫ਼ੀਸਦੀ ਤੱਕ ਮਹਿੰਗੀਆਂ ਹੋ ਗਈਆਂ ਹਨ।

ਦੁਬਈ ਅਤੇ ਦੋਹਾ ਵਰਗੇ ਟ੍ਰਾਂਜ਼ਿਟ ਪੁਆਇੰਟਾਂ ‘ਤੇ ਹਜ਼ਾਰਾਂ ਭਾਰਤੀ ਯਾਤਰੀ ਫਸੇ ਹੋਏ ਹਨ, ਕਿਉਂਕਿ ਉਨ੍ਹਾਂ ਦੀਆਂ ਕੁਨੈਕਟਿੰਗ ਫਲਾਈਟਾਂ ਰੱਦ ਹੋ ਗਈਆਂ ਹਨ ਜਾਂ ਉਨ੍ਹਾਂ ਨੂੰ ਰੂਟ ਬਦਲਣ ਕਾਰਨ ਹੋਰ ਹਵਾਈ ਅੱਡਿਆਂ ‘ਤੇ ਉਤਾਰ ਦਿੱਤਾ ਗਿਆ ਹੈ। ਭਾਰਤੀ ਏਅਰਲਾਈਨਾਂ ਨੇ ਫਿਲਹਾਲ ਇਜ਼ਰਾਈਲ ਅਤੇ ਇਰਾਨ ਲਈ ਆਪਣੀਆਂ ਸਾਰੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ। DGCA ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਬਹੁਤ ਜ਼ਰੂਰੀ ਹੋਣ ‘ਤੇ ਹੀ ਅੰਤਰਰਾਸ਼ਟਰੀ ਸਫ਼ਰ ਕਰਨ ਅਤੇ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਏਅਰਲਾਈਨ ਤੋਂ ਉਡਾਣ ਦੀ ਸਥਿਤੀ ਦੀ ਪੁਸ਼ਟੀ ਜ਼ਰੂਰ ਕਰ ਲੈਣ।

By Rajeev Sharma

Leave a Reply

Your email address will not be published. Required fields are marked *