ਗੁਰਪ੍ਰੀਤ ਸਿੰਘ :- ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਦੀ ਅਗਵਾਈ ’ਚ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਸਬੰਧਿਤ ਕੁਲ 4,40,672 ਰਾਸ਼ਨ ਕਾਰਡਧਾਰੀ ਪਰਿਵਾਰਾਂ ’ਚੋਂ 1,53,456 ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਕਣਕ ਵੰਡ ਕੇ 35 ਫ਼ੀਸਦੀ ਤੱਕ ਕੰਮ ਨਿਬੇੜ ਲਿਆ ਗਿਆ ਹੈ।
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਦੌਰਾਨ ਲੁਧਿਆਣਾ ਜ਼ਿਲ੍ਹੇ ’ਚ 1602 ਰਾਸ਼ਨ ਡਿਪੂ ਹੋਲਡਰਾਂ ਰਾਹੀਂ 4,40,672 ਲਾਭਪਾਤਰ ਪਰਿਵਾਰਾਂ ਦੇ 1,66,2310 ਮੈਂਬਰਾਂ ਨੂੰ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਦੇ ਤਿੰਨ ਮਹੀਨਿਆਂ ਦੀ ਮੁਫ਼ਤ ਕਣਕ ਵੰਡਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲ੍ਹੇ ’ਚ ਵਸੇ ਰਾਸ਼ਨ ਕਾਰਡਧਾਰੀਆਂ ਲਈ ਸਰਕਾਰ ਵੱਲੋਂ 25,159 ਮੀਟ੍ਰਿਕ ਟਨ ਕਣਕ ਦਾ ਕੋਟਾ ਜਾਰੀ ਕੀਤਾ ਗਿਆ ਹੈ।
ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਹਰ ਲਾਭਪਾਤਰ ਪਰਿਵਾਰ ਨੂੰ ਆਪਣੇ ਹਿੱਸੇ ਦੀ ਬਣਦੀ ਕਣਕ ਦਾ ਲਾਭ ਲੈਣ ਦੇ ਲਈ ਨੇੜੇ ਦੇ ਰਾਸ਼ਨ ਡਿਪੂ ’ਤੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਰਾਸ਼ਨ ਡਿਪੂ ’ਤੇ 31 ਮਾਰਚ ਤੱਕ ਰਾਸ਼ਨ ਕਾਰਡਧਾਰੀਆਂ ਨੂੰ ਕਣਕ ਵੰਡਣ ਦਾ ਕੰਮ ਕੀਤਾ ਜਾਵੇਗਾ। ਅਜਿਹੇ ’ਚ ਜੋ ਪਰਿਵਾਰ ਨਿਰਧਾਰਤ ਸਮੇਂ ਤੱਕ ਆਪਣੀ ਕਣਕ ਲੈਣ ਲਈ ਡਿਪੂ ’ਤੇ ਨਹੀਂ ਪੁੱਜੇਗਾ, ਉਨ੍ਹਾਂ ਪਰਿਵਾਰਾਂ ਨੂੰ ਬਾਅਦ ’ਚ ਕਣਕ ਦਾ ਲਾਭ ਨਹੀਂ ਮਿਲ ਸਕੇਗਾ।
