ਅਹਿਮ ਖ਼ਬਰ: ਪੰਜਾਬ ‘ਚ ਚੱਲ ਰਹੀਆਂ ਫੈਕਟਰੀਆਂ ‘ਚ ਪਾਵਰਕਾਮ ਨੇ ਵੱਡੀ ਕਾਰਵਾਈ ਦੀ ਖਿੱਚੀ ਤਿਆਰੀ

ਜਲੰਧਰ –ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਉਦਯੋਗਾਂ ਨੂੰ ਹੁਲਾਰਾ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਆਲਮ ਇਹ ਹੈ ਕਿ ਪਾਵਰਕਾਮ ਵੱਲੋਂ ਚੱਲਦੀਆਂ ਫੈਕਟਰੀਆਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸੇ ਸਿਲਸਿਲੇ ਵਿਚ ਪਾਵਰਕਾਮ ਵੱਲੋਂ ਬਾਈਪਾਸ ’ਤੇ ਸਥਿਤ ਭਗਤ ਸਿੰਘ ਕਾਲੋਨੀ ਵਿਚ ਦੀਪਕ ਰਬੜ ਫੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਪਰ ਉਸ ਨੂੰ ਇਕ ਘੰਟੇ ਦੀ ਮੋਹਲਤ ਵੀ ਨਹੀਂ ਦਿੱਤੀ ਗਈ। ਇਸ ਸਮੇਂ ਫੈਕਟਰੀ ਮਾਲਕ ਮੌਕੇ ’ਤੇ ਮੌਜੂਦ ਨਹੀਂ ਸੀ। ਉਸ ਦੇ ਪਰਿਵਾਰ ਦੀਆਂ ਔਰਤਾਂ ਫੈਕਟਰੀ ਵਿਚ ਬੈਠੀਆਂ ਸਨ ਪਰ ਪਾਵਰਕਾਮ ਵੱਲੋਂ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।

ਦੀਪਕ ਰਬੜ ਦੇ ਦੀਪਕ ਸੂਰੀ ਨੇ ਕੁਨੈਕਸ਼ਨ ਕੱਟਣ ਵਾਲੇ ਪਾਵਰਕਾਮ ਦੇ ਕਰਮਚਾਰੀਆਂ ’ਤੇ ਗਲਤ ਸਲੂਕ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਸਬੰਧ ਵਿਚ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਲੱਖਾਂ ਰੁਪਏ ਦਾ ਬਿੱਲ ਭਰਦੇ ਹਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਟੈਕਸ ਦੇ ਰੂਪ ਵਿਚ ਅਦਾ ਕਰਦੇ ਹਨ ਪਰ ਉਨ੍ਹਾਂ ਨੂੰ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਇਕ ਘੰਟੇ ਦੀ ਮੋਹਲਤ ਵੀ ਨਹੀਂ ਦਿੱਤੀ ਗਈ, ਜੋ ਕਿ ਪੰਜਾਬ ਸਰਕਾਰ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਹੀ ਹੈ। ਉਦਯੋਗਪਤੀ ਦੀਪਕ ਸੂਰੀ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿਚ ਕੰਮ ਚੱਲ ਰਿਹਾ ਸੀ ਅਤੇ ਕੁਨੈਕਸ਼ਨ ਕੱਟਣ ਕਾਰਨ ਮਸ਼ੀਨਾਂ ਇਕਦਮ ਬੰਦ ਹੋ ਗਈਆਂ, ਜਿਸ ਨਾਲ ਮਸ਼ੀਨਾਂ ਵਿਚ ਬਣ ਰਿਹਾ ਲੱਖਾਂ ਰੁਪਏ ਦਾ ਮਾਲ ਖਰਾਬ ਹੋ ਗਿਆ। ਉਨ੍ਹਾਂ ਪਾਵਰਕਾਮ ਦੀ ਇਸ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਲਾਇਆ ਹੈ ਅਤੇ ਪੰਜਾਬ ਸਰਕਾਰ ਤੋਂ ਇਸ ’ਤੇ ਜਵਾਬ ਮੰਗਿਆ ਹੈ। ਉਥੇ ਹੀ, ਕੁਨੈਕਸ਼ਨ ਕੱਟਣ ਵਾਲੇ ਕਰਮਚਾਰੀਆਂ ਤੋਂ ਮੁਆਵਜ਼ਾ ਵੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉਹ ਇਹ ਮਾਮਲਾ ਕੋਰਟ ਤਕ ਲਿਜਾਣਗੇ ਪਰ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੀਪਕ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਪਾਵਰਕਾਮ ਦੇ ਸ਼ਕਤੀ ਸਦਨ ਵਿਚ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਕੇ ਪੂਰਾ ਮਸਲਾ ਸਾਂਝਾ ਕੀਤਾ। ਇਸ ’ਤੇ ਸਬੰਧਤ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਆਲੇ-ਦੁਆਲੇ ਦੀ ਫੈਕਟਰੀ ਵਾਲਿਆਂ ਨਾਲ ਸੈਟਿੰਗ ਦਾ ਦੋਸ਼
ਉਦਯੋਗਪਤੀ ਵੱਲੋਂ ਇਸ ਨੂੰ ਪਾਵਰਕਾਮ ਦੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਦੀਪਕ ਸੂਰੀ ਨੇ ਕਿਹਾ ਕਿ ਪਾਵਰਕਾਮ ਦੇ ਅਧਿਕਾਰੀ ਆਲੇ-ਦੁਆਲੇ ਦੀਆਂ ਦੂਜੀਆਂ ਫੈਕਟਰੀਆਂ ਵਿਚ ਆ ਕੇ ਸੈਟਿੰਗ ਕਰਕੇ ਚਲੇ ਜਾਂਦੇ ਹਨ ਪਰ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਵੱਲੋਂ ਸੈਟਿੰਗ ਨਾ ਕਰਨ ਕਰ ਕੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਸਬੰਧ ਦੂਜੀਆਂ ਫੈਕਟਰੀਆਂ ਦਾ ਪੈਂਡਿੰਗ ਬਿੱਲ ਕਢਵਾਉਣ ਉਨ੍ਹਾਂ ਨੂੰ ਸੱਚਾਈ ਖੁਦ-ਬ-ਖੁਦ ਪਤਾ ਲੱਗ ਜਾਵੇਗੀ।

ਤੁਰੰਤ ਪ੍ਰਭਾਵ ਨਾਲ ਜਮ੍ਹਾ ਕਰਵਾਈ ਬਿੱਲ ਦੀ ਰਕਮ
ਦੀਪਕ ਸੂਰੀ ਨੇ ਦੱਸਿਆ ਕਿ ਪੈਂਡਿੰਗ ਬਿੱਲ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੂੰ ਵਿਭਾਗ ਵੱਲੋਂ ਜੋ ਆਖਰੀ ਮੈਸੇਜ ਆਇਆ ਸੀ, ਉਸ ਮੁਤਾਬਕ 261140 ਰੁਪਏ ਜਮ੍ਹਾ ਕਰਵਾਉਣ ਦੀ ਮਿਆਦ 21 ਫਰਵਰੀ ਬਣਦੀ ਸੀ। ਪਾਵਰਕਾਮ ਦਾ ਸਟਾਫ ਉਨ੍ਹਾਂ ਨੂੰ ਜਾਂ ਫੈਕਟਰੀ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਬਕਾਇਆ ਰਾਸ਼ੀ ਬਾਰੇ ਦੱਸਦਾ ਤਾਂ ਉਨ੍ਹਾਂ ਤੁਰੰਤ ਬਿੱਲ ਜਮ੍ਹਾ ਕਰਵਾ ਦੇਣਾ ਸੀ। ਦੀਪਕ ਨੇ ਦੱਸਿਆ ਕਿ ਪਾਵਰਕਾਮ ਦੀ ਇਸ ਕਾਰਵਾਈ ਤੋਂ ਉਹ ਬੇਹੱਦ ਨਿਰਾਸ਼ ਹਨ। ਉਨ੍ਹਾਂ ਬਿੱਲ ਦੀ 261140 ਰੁਪਏ ਬਕਾਇਆ ਰਕਮ ਤੁਰੰਤ ਪ੍ਰਭਾਵ ਨਾਲ ਜਮ੍ਹਾ ਕਰਵਾ ਦਿੱਤੀ ਸੀ ਪਰ ਕੁਨੈਕਸ਼ਨ ਜੋੜਨ ਵਿਚ ਪਾਵਰਕਾਮ ਨੇ ਘੰਟਿਆਂਬੱਧੀ ਸਮਾਂ ਲਾ ਦਿੱਤਾ, ਜੋਕਿ ਵਿਭਾਗ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦਾ ਹੈ।

ਮੁੱਖ ਮੰਤਰੀ ਨੂੰ ਸੌਂਪਣਗੇ ਸੀ. ਸੀ. ਟੀ. ਵੀ. ਫੁਟੇਜ
ਦੀਪਕ ਸੂਰੀ ਨੇ ਕਿਹਾ ਕਿ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਧੱਕੇ ਦੀ ਸੀ. ਸੀ. ਟੀ. ਵੀ. ਫੁਟੇਜ ਉਹ ਮੁੱਖ ਮੰਤਰੀ ਨੂੰ ਸੌਂਪਣਗੇ ਅਤੇ ਬਣਦੀ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਫੈਕਟਰੀ ਵਿਚ ਮੌਜੂਦ ਉਨ੍ਹਾਂ ਦੀ ਪਤਨੀ ਨੇ ਪਾਵਰਕਾਮ ਦੇ ਕਰਮਚਾਰੀਆਂ ਤੋਂ ਕੁਝ ਮਿੰਟਾਂ ਦਾ ਸਮਾਂ ਮੰਗਿਆ ਸੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ’ਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਣਾ ਚਾਹੀਦਾ। ਉਥੇ ਹੀ, ਇਸ ਬਾਰੇ ਸਬੰਧਤ ਕਰਮਚਾਰੀਆਂ ਦਾ ਪੱਖ ਜਾਣਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ।

By nishuthapar1

Leave a Reply

Your email address will not be published. Required fields are marked *