ਸੜਕ ਹਾਦਸੇ ‘ਚ ਇੱਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ,  ਕੈਂਟਰ ਟਰੱਕ ਤੇ ਕਾਰ ਦੀ ਹੋਈ ਭਿਆਨਕ ਟੱਕਰ

ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਕੁਨੀਗਲ ਨੇੜੇ ਬਾਈਪਾਸ ‘ਤੇ ਇੱਕ ਮਿੰਨੀ ਟਰੱਕ ਨਾਲ ਕਾਰ ਦੀ ਟੱਕਰ ਹੋਣ ਕਾਰਨ ਕਾਰ ‘ਚ ਸਫ਼ਰ ਕਰ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ 13 ਸਾਲਾ ਲੜਕਾ ਵੀ ਸ਼ਾਮਲ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੀਬੇ ਗੌੜਾ (50), ਉਸਦੀ ਪਤਨੀ ਸ਼ੋਭਾ (45), ਧੀ ਡੰਬੀਸ਼੍ਰੀ (23) ਅਤੇ ਪੁੱਤਰ ਭਾਨੂਕਿਰਨ (13) ਵਜੋਂ ਹੋਈ ਹੈ। ਪੁਲਸ ਅਨੁਸਾਰ ਇਹ ਹਾਦਸਾ ਐਤਵਾਰ ਰਾਤ ਲਗਭਗ 8 ਵਜੇ ਵਾਪਰਿਆ ਜਦੋਂ ਪਰਿਵਾਰ ਅੱਠਵੀਂ ਜਮਾਤ ਦੇ ਵਿਦਿਆਰਥੀ ਭਾਨੂਕਿਰਨ ਨੂੰ ਕੁਨੀਗਲ ਦੇ ਬਾਹਰਵਾਰ ਸਥਿਤ ਬਿਡਾਨਾਗ੍ਰੇ ਨੇੜੇ ਉਸਦੇ ਹੋਸਟਲ ‘ਚ ਛੱਡਣ ਜਾ ਰਿਹਾ ਸੀ। ਗੌੜਾ ਆਪਣੇ ਪਰਿਵਾਰ ਨਾਲ ਮਗਦੀ ਕਸਬੇ ‘ਚ ਰਹਿੰਦਾ ਸੀ। ਗੌੜਾ ਤੇ ਉਸਦਾ ਪਰਿਵਾਰ ਰਾਤ ਦੇ ਖਾਣੇ ਤੋਂ ਬਾਅਦ ਭਾਨੂਕਿਰਨ ਨੂੰ ਉਸਦੇ ਸਕੂਲ ਦੇ ਹੋਸਟਲ ਵਿੱਚ ਛੱਡਣ ਜਾ ਰਹੇ ਸਨ।

 ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਸਤੇ ਵਿੱਚ, ਜਦੋਂ ਉਹ ਕੁਨੀਗਲ ਬਾਈਪਾਸ ‘ਤੇ ਪਹੁੰਚੇ, ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਟਰੱਕ ਨੇ ਸਾਹਮਣੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਤੇ ਟੱਕਰ ਇੰਨੀ ਭਿਆਨਕ ਸੀ ਕਿ ਕਾਰ ‘ਚ ਸਵਾਰ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਮਿੰਨੀ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

By Rajeev Sharma

Leave a Reply

Your email address will not be published. Required fields are marked *