- ਫਾਜ਼ਿਲਕਾ : ਪੰਜਾਬ ‘ਚ ਆਏ ਹੜ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ‘ਚ ਭਿਆਨਕ ਤਬਾਹੀ ਮਚਾਈ ਹੋਈ ਹੈ। ਇੱਥੇ ਹੜ੍ਹਾਂ ਕਾਰਨ 6185 ਘਰਾਂ ‘ਚ ਪਾਣੀ ਵੜ ਗਿਆ ਹੈ ਅਤੇ 123 ਕਿਲੋਮੀਟਰ ਤੱਕ ਸੜਕਾਂ ਟੁੱਟ ਗਈਆਂ ਹਨ। ਇਸ ਦੇ ਨਾਲ ਹੀ 17 ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕਰੀਬ 18 ਹਜ਼ਾਰ ਤੋਂ ਵੱਧ ਏਕੜ ਰਕਬਾ ਪ੍ਰਭਾਵਿਤ ਹੋ ਚੁੱਕਾ ਹੈ ਅਤੇ ਹੁਣ ਪਾਣੀ ਘੱਟਣ ਤੋਂ ਬਾਅਦ ਜਦੋਂ ਕਹਾਣੀ ਮੁੜ ਲੀਹ ‘ਤੇ ਆਵੇਗੀ ਤਾਂ ਫਿਰ ਇਨ੍ਹਾਂ ਹਾਲਾਤਾਂ ਦਾ ਵੀ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਅਸੀਂ ਪਿੰਡਾਂ ‘ਚ ਭੋਜਨ ਦੇ ਪੈਕਟ, ਦਵਾਈਆਂ ਅਤੇ ਤਰਪਾਲਾਂ ਵੱਡੀ ਮਾਤਰਾ ‘ਚ ਵੰਡੀਆਂ ਹਨ। ਹੁਣ ਤੱਕ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਘਰਾਂ ‘ਚ 2 ਵਾਰ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ‘ਚ ਤੀਜੇ ਪੱਧਰ ‘ਚ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ।
ਮੰਤਰੀ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਕੋਈ ਵੀ ਘਰ ਅਜਿਹਾ ਨਾ ਰਹੇ, ਜਿੱਥੇ ਰਾਸ਼ਨ, ਦਵਾਈਆਂ ਜਾਂ ਚਾਰਾ ਨਾ ਪਹੁੰਚੇ। ਮੰਤਰੀ ਸੌਂਦ ਨੇ ਦੱਸਿਆ ਕਿ ਜ਼ਿਲ੍ਹੇ ਅਤੇ ਸਤਲੁਜ ਅਤੇ ਬਿਆਸ ਦੋਹਾਂ ਦਰਿਆਵਾਂ ‘ਚੋਂ ਪਾਣੀ ਆਉਂਦਾ ਹੈ ਪਰ ਹੁਣ ਪਾਣੀ ਨਾਮਾਮੂਲੀ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਕੁੱਝ ਕੰਟਰੋਲ ‘ਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਪੰਜਾਬ ਦੇ ਆਗੂਆਂ ‘ਤੇ ਵਰ੍ਹਦਿਆਂ ਕਿਹਾ ਕਿ ਇਹ ਆਗੂ ਕੇਂਦਰ ਤੋਂ ਕੋਈ ਰਾਸ਼ੀ ਨਹੀਂ ਲੈ ਕੇ ਆਏ, ਸਗੋਂ ਕਿਸ਼ਤੀਆਂ ‘ਚ ਬੈਠ ਕੇ ਫੋਟੋਆਂ ਖਿੱਚਵਾ ਕੇ ਤੁਰਦੇ ਬਣੇ।
