ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ ਫ਼ੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫ਼ਤਹਿ ਕਰਨ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਤੱਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ, ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ, ਨਿਰਮਲ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਨਗਰ ਕੀਰਤਨ ਦੀ ਆਰੰਭਤਾ ਸਮੇਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਨਿਭਾਈ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ। ਨਗਰ ਕੀਰਤਨ ਵਿਚ ਨਿਹੰਗ ਸਿੰਘ ਘੋੜਿਆਂ ਸਮੇਤ ਸ਼ਾਮਲ ਹੋਏ ਅਤੇ ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਵੱਲੋਂ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਲੜੀ ਪਹਿਲੀ ਜੰਗ ਨੂੰ ਫ਼ਤਹਿ ਕਰਨ ਦੀ ਯਾਦ ਵਿਚ 15 ਜੂਨ ਨੂੰ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਸਰਵਣ ਕਰਵਾਉਣਗੇ। ਇਸ ਮੌਕੇ ਬਾਬਾ ਨਾਹਰ ਸਿੰਘ, ਬਾਬਾ ਨਿਹਾਲ ਸਿੰਘ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਮੀਤ ਮੈਨੇਜਰ ਜਸਬੀਰ ਸਿੰਘ, ਇੰਚਾਰਜ ਬਲਦੇਵ ਸਿੰਘ ਧੁੰਨ, ਜਗਜੀਤ ਸਿੰਘ, ਜਗਜੀਤ ਸਿੰਘ ਖ਼ਾਲਸਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *