ਹੁਸ਼ਿਆਰਪੁਰ ਟੈਂਕਰ ਹਾਦਸੇ ਦੇ ਮਾਮਲੇ ‘ਚ ਪੁਲਸ ਦੀ ਵੱਡੀ ਕਾਰਵਾਈ, 4 ਮੁਲਜ਼ਮ ਕੀਤੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਹੁਸ਼ਿਆਰਪੁਰ- ਹੁਸ਼ਿਆਰਪੁਰ ਵਿਚ ਵਾਪਰੇ ਟੈਂਕਰ ਬਲਾਸਟ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਪੁਲਸ ਨੇ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ।  ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਪਿੰਡ ਮੰਡਿਆਲਾ ਵਿਚ ਵਾਪਰੇ ਟੈਂਕਰ ਹਾਦਸੇ ਬਾਰੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਇਹ ਹਾਦਸਾ ਟੈਂਕਰ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਇਹ ਜਾਣਦੇ ਹੋਏ ਕਿ ਉਸ ਦਾ ਟੈਂਕਰ ਗੈਸ ਨਾਲ ਭਰਿਆ ਹੋਇਆ ਸੀ, ਉਸ ਨੇ ਟੈਂਕਰ ਨੂੰ ਲਿੰਕ ਰੋਡ ‘ਤੇ ਮੋੜ ਦਿੱਤਾ। ਇਸ ਮਾਮਲੇ ਵਿੱਚ ਟੈਂਕਰ ਡਰਾਈਵਰ ਵਿਰੁੱਧ 23 ਅਗਸਤ ਨੂੰ ਥਾਣਾ ਬੁੱਲ੍ਹੋਵਾਲ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮ ਸੁਖਚੈਨ ਸਿੰਘ ਉਰਫ਼ ਸੁੱਖਾ ਥਾਣਾ ਬੁੱਲੋਵਾਲ, ਅਵਤਾਰ ਸਿੰਘ ਉਰਫ਼ ਮਤੀ ਵਾਸੀ ਝੰਡੀ ਬੁੱਲੋਵਾਲ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਪੁੱਤਰ ਜਨਕ ਦਾਸ ਵਾਸੀ ਲੰਮਾ ਪਿੰਡ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ 22 ਅਗਸਤ ਨੂੰ ਰਾਤ ਕਰੀਬ 10 ਵਜੇ ਕੰਟਰੋਲ ਰੂਮ ਨੂੰ ਫੋਨ ਆਇਆ ਕਿ ਜਲੰਧਰ ਹੁਸ਼ਿਆਰਪੁਰ ਰੋਡ ‘ਤੇ ਮੰਡਿਆਲਾ ਪਿੰਡ ਵਿੱਚ ਇੰਡੀਅਨ ਆਇਲ ਪੈਟਰੋਲ ਪੰਪ ਨੇੜੇ ਜਲੰਧਰ ਵਾਲੇ ਪਾਸੇ ਤੋਂ ਸਬਜ਼ੀਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਦੀ ਗੈਸ ਟੈਂਕਰ ਨਾਲ ਟੱਕਰ ਹੋ ਗਈ ਹੈ ਅਤੇ ਮੌਕੇ ‘ਤੇ ਭਾਰੀ ਅੱਗ ਲੱਗ ਗਈ ਹੈ।
ਜਿਸ ਤੋਂ ਬਾਅਦ ਡੀ. ਐੱਸ. ਪੀ. ਨਰਿੰਦਰ ਸਿੰਘ ਅਤੇ ਸਬ ਇੰਸਪੈਕਟਰ ਮਨਿੰਦਰ ਸਿੰਘ, ਮੁੱਖ ਪੁਲਸ ਅਧਿਕਾਰੀ ਬੁੱਲੋਵਾਲ, ਏ. ਐੱਸ. ਆਈ. ਸੁਰਿੰਦਰ ਪਾਲ ਸਿੰਘ, ਇੰਚਾਰਜ ਚੌਂਕੀ ਨਸਰਾਲਾ, ਏ. ਐੱਸ. ਆਈ. ਸੰਜੀਵ ਕੁਮਾਰ, ਇੰਚਾਰਜ ਚੌਂਕੀ ਸ਼ਾਮਚੁਰਾਸੀ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ। ਕੰਟਰੋਲ ਰੂਮ ਨੂੰ ਤੁਰੰਤ ਵੱਧ ਤੋਂ ਵੱਧ ਫਾਇਰ ਬ੍ਰਿਗੇਡ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਣ ਦੀ ਅਪੀਲ ਕੀਤੀ ਗਈ। ਮੌਕੇ ‘ਤੇ ਪਾਇਆ ਗਿਆ ਕਿ ਟੈਂਕਰ ਐੱਲ. ਪੀ. ਜੀ. ਗੈਸ ਨਾਲ ਭਰਿਆ ਹੋਇਆ ਸੀ, ਜਿਸ ਨੂੰ ਉਪਰੋਕਤ ਮਹਿੰਦਰਾ ਪਿਕਅੱਪ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਹਾਦਸੇ ਕਾਰਨ ਟੈਂਕਰ ਵਿੱਚੋਂ ਗੈਸ ਲੀਕ ਹੋ ਗਈ ਅਤੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਸੜ ਗਈਆਂ ਅਤੇ ਅੱਗ ਮੇਨ ਰੋਡ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਫੈਲ ਗਈ।

PunjabKesari

ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ ਤਾਂ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਅੱਗ ਨਾਲ ਝੁਲਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ।
ਜਲੰਧਰ, ਫਗਵਾੜਾ, ਕਪੂਰਥਲਾ, ਆਦਮਪੁਰ, ਏਅਰਫੋਰਸ ਸਟੇਸ਼ਨ ਦੀਆਂ ਵੱਖ-ਵੱਖ ਐਮਰਜੈਂਸੀ ਫਾਇਰ ਸਰਵਿਸਿਜ਼ ਟੀਮਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਟੈਂਕਰ ਅਤੇ ਮਹਿੰਦਰਾ ਪਿਕਅੱਪ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਉਨ੍ਹਾਂ ਦੇ ਨੰਬਰ ਪੜ੍ਹਨਯੋਗ ਨਹੀਂ ਸਨ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ‘ਤੇ ਪਤਾ ਲੱਗਾ ਕਿ ਹਾਦਸਾਗ੍ਰਸਤ ਟੈਂਕਰ ਦੇ ਡਰਾਈਵਰ ਦਾ ਨਾਮ ਸੁਖਜੀਤ ਵਾਸੀ ਪੰਧੇਰ ਖੇੜੀ ਥਾਣਾ ਮਲੋਦ ਜ਼ਿਲ੍ਹਾ ਖੰਨਾ ਹੈ ਅਤੇ ਹਾਦਸੇ ਸਮੇਂ ਸੁਖਚੈਨ ਸਿੰਘ ਸੁੱਖਾ ਵਾਸੀ ਰਾਮਨਗਰ ਢੇਹਾ ਆਪਣੇ ਕੈਂਪ ਜਾ ਰਿਹਾ ਸੀ। ਕਿਉਂਕਿ ਉਪਰੋਕਤ ਸੁਖਚੈਨ ਸਿੰਘ ਗੈਸ ਪਲਾਂਟ ਤੋਂ ਆਉਣ ਵਾਲੇ ਟੈਂਕਰਾਂ ਦੇ ਡਰਾਈਵਰਾਂ ਨਾਲ ਮਿਲ ਕੇ ਜੁਗਾੜੂ ਪਾਈਪ ਦੀ ਮਦਦ ਨਾਲ ਟੈਂਕਰਾਂ ਵਿਚੋਂ ਗੈਰ-ਕਾਨੂੰਨੀ ਢੰਗ ਨਾਲ ਗੈਸ ਕੱਢ ਕੇ ਸਿਲੰਡਰਾਂ ਵਿਚ ਭਰ ਕੇ ਅੱਗੇ ਗਾਹਕਾਂ ਨੂੰ ਵੇਚਦਾ ਹੈ। 

PunjabKesari

ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਤਿੰਨ ਹੋਰ ਵਿਅਕਤੀ ਅਵਤਾਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ਥਾਣਾ ਬੁੱਲੋਵਾਲ, ਰਮੇਸ਼ ਕੁਮਾਰ ਅਤੇ ਰਾਜਕੁਮਾਰ ਦੋਵੇਂ ਪੁੱਤਰ ਜਨਕ ਦਾਸ ਵਾਸੀ ਲੰਬਾ ਪਿੰਡ ਜਲੰਧਰ ਵੀ ਗੈਸ ਟੈਂਕਰ ਐੱਚ. ਪੀ. ਦੇ ਡਰਾਈਵਰਾਂ ਨਾਲ ਮਿਲ ਕੇ ਕੰਮ ਕਰਦੇ ਹਨ। ਉਹ ਗੈਸ ਪਲਾਂਟ ਵਿੱਚ ਆਉਣ ਵਾਲੇ ਟੈਂਕਰਾਂ ਵਿੱਚੋਂ ਗੈਸ ਕੱਢ ਕੇ ਸਿਲੰਡਰਾਂ ਵਿੱਚ ਭਰ ਕੇ ਆਪਣੇ ਗਾਹਕਾਂ ਨੂੰ ਵੇਚਦੇ ਹਨ।

ਇਸ ਸਬੰਧੀ ਕਾਰਵਾਈ ਕਰਦੇ ਹੋਏ ਡਰਾਈਵਰ ਸੁਖਜੀਤ ਸਿੰਘ ਸਮੇਤ ਕੁੱਲ੍ਹ ਪੰਜ ਮੁਲਜ਼ਮਾਂ ਖ਼ਿਲਾਫ਼ 23 ਅਗਸਤ 2025 ਨੂੰ ਬੁੱਲੋਵਾਲ ਥਾਣੇ ਵਿੱਚ ਐੱਫ਼. ਆਈ. ਆਰ. ਨੰਬਰ 120 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਸੁਖਚੈਨ ਸਿੰਘ ਨੂੰ ਕੱਲ੍ਹ 23 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਮੰਨਿਆ ਕਿ ਕਿਉਂਕਿ ਉਸ ਦਾ ਘਰ ਖੇਤਾਂ ਵਿੱਚ ਬਾਹਰ ਸੀ, ਇਸ ਲਈ ਉਹ ਡਰਾਈਵਰ ਨੂੰ ਆਪਣੇ ਘਰ ਬੁਲਾਉਂਦਾ ਸੀ ਅਤੇ ਜੁਗਾੜੂ ਪਾਈਪ ਦੀ ਮਦਦ ਨਾਲ ਟੈਂਕਰ ਵਿੱਚੋਂ ਲਗਭਗ ਚਾਰ-ਪੰਜ ਸਿਲੰਡਰਾਂ ਦੀ ਗੈਸ ਕੱਢਦਾ ਸੀ। ਬਦਲੇ ਵਿੱਚ ਉਹ ਟੈਂਕਰ ਡਰਾਈਵਰ ਨੂੰ ਪ੍ਰਤੀ ਸਿਲੰਡਰ 1000 ਰੁਪਏ ਦਿੰਦੇ ਸਨ ਅਤੇ ਉਹ ਆਪਣੇ ਗਾਹਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਿਲੰਡਰ 1200-1300 ਰੁਪਏ ਵਿੱਚ ਵੇਚਦਾ ਸੀ। ਪੁਲਸ ਨੇ ਉਪਰੋਕਤ ਸੁਖਚੈਨ ਸਿੰਘ ਦੇ ਘਰ ਵਿੱਚ ਪਸ਼ੂਆਂ ਦੇ ਸ਼ੈੱਡ ਤੋਂ 10 ਐੱਲ. ਪੀ. ਜੀ. ਵਪਾਰਕ ਗੈਸ ਸਿਲੰਡਰ ਅਤੇ ਇਕ ਜੁਗਾੜੂ ਪਾਈਪ ਜ਼ਬਤ ਕੀਤੀ।

ਇਸ ਤੋਂ ਇਲਾਵਾ ਹੋਰ ਮੁਲਜ਼ਮ ਅਵਤਾਰ ਸਿੰਘ, ਰਮੇਸ਼ ਅਤੇ ਰਾਜਕੁਮਾਰ ਨੂੰ ਵੀ 23 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਹ ਟੈਂਕਰ ਡਰਾਈਵਰ ਨਾਲ ਮਿਲ ਕੇ ਟੈਂਕਰ ਵਿੱਚੋਂ ਗੈਸ ਕੱਢਦੇ ਸਨ ਅਤੇ ਆਪਣੇ ਗਾਹਕਾਂ ਨੂੰ ਸਿਲੰਡਰ ਵੇਚਦੇ ਸਨ। ਮੰਡਿਆਲਾ ਦੇ ਵਿਸ਼ਵਕਰਮਾ ਮੰਦਰ ਨੇੜੇ ਉਪਰੋਕਤ ਤਿੰਨ ਮੁਲਜ਼ਮਾਂ ਦੇ ਗੋਦਾਮ ਵਿੱਚੋਂ 40 ਸਿਲੰਡਰ, 9 ਖਾਲੀ ਤੇਲ ਦੇ ਡਰੰਮ ਅਤੇ ਜੁਗਾੜੂ ਪਾਈਪ ਬਰਾਮਦ ਕੀਤੇ ਗਏ ਹਨ।

By Gurpreet Singh

Leave a Reply

Your email address will not be published. Required fields are marked *