ਸੂਬੇ ‘ਚ ਕਾਨੂੰਨ ਦਾ ਨਹੀਂ, ਗੈਂਗਸਟਰਾਂ ਦਾ ਰਾਜ, ਹਰ ਘੰਟੇ ਹੋ ਰਹੀ ਗੋਲੀਬਾਰੀ : ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ‘ਆਮ ਆਦਮੀ ਪਾਰਟੀ’ ਦੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿਚ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਮਜੀਠੀਆ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਵਿਚ ਹੁਣ ਹਰ ਘੰਟੇ ਬਾਅਦ ਫਾਇਰਿੰਗ ਦੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਏ.ਕੇ. 47 ਅਤੇ ਹੈਂਡ ਗ੍ਰਨੇਡ ਵਰਗੇ ਘਾਤਕ ਹਥਿਆਰਾਂ ਦੀ ਖੁੱਲ੍ਹੇਆਮ ਵਰਤੋਂ ਕਰ ਰਹੇ ਹਨ। ਉਨ੍ਹਾਂ ਰਣਜੀਤ ਸਿੰਘ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।

ਬਾਘਾਪੁਰਾਣਾ ਸਰਪੰਚ ਕਤਲ ਕਾਂਡ ਅਤੇ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਖੁਫੀਆ ਏਜੰਸੀਆਂ ਵੱਲੋਂ ਪਹਿਲਾਂ ਹੀ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਅਤੇ ਸਰਪੰਚ ਕੋਲ ਬੁਲਟ ਪਰੂਫ ਗੱਡੀ ਵੀ ਸੀ, ਪਰ ਫਿਰ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਉਨ੍ਹਾਂ ਲੋਕਾਂ ਨੂੰ ਬਚਾ ਰਿਹਾ ਹੈ ਜਿਨ੍ਹਾਂ ‘ਤੇ ਪਰਿਵਾਰ ਦੋਸ਼ ਲਗਾ ਰਿਹਾ ਹੈ। ਮਜੀਠੀਆ ਨੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਹਨ ਇੱਕ ਸੱਤਾਧਾਰੀ ਪਾਰਟੀ ਦੇ ਆਗੂਆਂ ਲਈ ਅਤੇ ਦੂਜਾ ਵਿਰੋਧੀਆਂ ਲਈ।

ਬਿਕਰਮ ਮਜੀਠੀਆ ਨੇ ਪੰਜਾਬ ਪੁਲਸ ਦੇ ਮੁਖੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਤੱਕ ਸੂਬੇ ਵਿਚ ਪੱਕਾ ਡੀ.ਜੀ.ਪੀ. ਨਹੀਂ ਲਗਾਇਆ ਜਾਂਦਾ, ਹਾਲਾਤ ਨਹੀਂ ਸੁਧਰਨਗੇ, ਕਿਉਂਕਿ ਮੌਜੂਦਾ ਡੀਜੀਪੀ ਸਿਰਫ਼ ਆਪਣੀ ਕੁਰਸੀ ਬਚਾਉਣ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਭੁੱਲੜਹੇੜੀਕ ਇਲਾਕੇ ਗਏ ਤਾਂ ਲੋਕ ਮਿਲਣੀ ਕਰਨ ਸਨ, ਪਰ ਉਹ ਆਪਣੇ 45 ਮਿੰਟ ਦੇ ਭਾਸ਼ਣ ਵਿਚੋਂ 43 ਮਿੰਟ ਸਿਰਫ਼ ਅਕਾਲੀ ਦਲ ਦੀ ਆਲੋਚਨਾ ਕਰਨ ‘ਤੇ ਲੱਗੇ ਕੀ ਇਸ ਤਰ੍ਹਾਂ ਕਰਨ ਨਾਲ ਪੰਜਾਬ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮਾਈਨਿੰਗ ਤੋਂ 20,000 ਕਰੋੜ ਰੁਪਏ ਦੀ ਕਮਾਈ ਹੋਵੇਗੀ ਹੁਣ ਇਹ ਦੱਸਣ ਕਿ ਇਹ ਪੈਸਾ ਹੁਣ ਕਿੱਥੇ ਹੈ? ਮਜੀਠੀਆ ਨੇ ਕਿਹਾ ਕਿ ਉਹ ਹੋਰਨਾਂ ਵਾਂਗ ਰਾਤ ਦੇ ਹਨ੍ਹੇਰੇ ਵਿਚ ਮੁੱਖ ਮੰਤਰੀ ਨਾਲ ਸਮਝੌਤਾ ਕਰਨ ਵਾਲਾ ਨਹੀਂ ਹੈ। ਮਜੀਠੀਆ ਅਨੁਸਾਰ ਅਸਲ ਮੁੱਦਿਆਂ ਨੂੰ ਛੱਡ ਕੇ ਵਿਰੋਧੀਆਂ ਦੇ ਮਗਰ ਪੈਣ ਨਾਲ ਪੰਜਾਬ ਦਾ ਭਲਾ ਕਦੇ ਨਹੀਂ ਹੋ ਸਕਦਾ।

By Gurpreet Singh

Leave a Reply

Your email address will not be published. Required fields are marked *