ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ਿਆਂ ਕਾਰਨ 4 ਘਰਾਂ ‘ਚ ਵਿਛੇ ਸੱਥਰ , 4 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ,ਪਰਿਵਾਰਾਂ ਨੇ ਸਰਕਾਰ ‘ਤੇ ਚੁੱਕੇ ਸਵਾਲ

ਨੈਸ਼ਨਲ ਟਾਈਮਜ਼ ਬਿਊਰੋ :- ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੀਆਂ ਤਿੰਨ ਮੌਤਾਂ ਹੋ ਜਾਣ ਨਾਲ ਇਲਾਕੇ ਵਿੱਚ ਸਹਿਮ ਪੈਦਾ ਹੋ ਗਿਆ ਹੈ। ਇੱਕ ਕੱਲ ਅਤੇ ਅੱਜ ਸਵੇਰੇ ਤਿੰਨ ਮੌਤਾਂ ਨਾਲ ਘਰਾਂ ਵਿੱਚ ਸੱਥਰ ਵਿਛ ਗਏ ਹਨ ਅਤੇ ਪੈ ਰਹੈ ਕੀਰਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ “ਯੁੱਧ ਨਸ਼ਿਆਂ ਵਿਰੁੱਧ”  ਸ਼ੁਰੂ ਕੀਤੀ ਕਾਰਵਾਈ ਦਾ ਜਵਾਬ ਮੰਗ ਰਹੇ ਹਨ।

ਜਾਣਕਾਰੀ ਮੁਤਾਬਕ ਪਿੰਡ ਵਿੱਚ ਨਸ਼ੇ ਦਾ ਜਾਲ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਕਾਫੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ। ਇਸ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ‘ਚੋਂ ਅੱਜ ਤਿੰਨ ਨੌਜਵਾਨਾਂ ਦੀ ਸਵੇਰੇ ਮੌਤ ਹੋ ਗਈ ਅਤੇ ਇਸੇ ਤਰ੍ਹਾਂ ਕੱਲ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਲਗਾਤਾਰ ਦੋ ਦਿਨਾਂ ਵਿੱਚ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ਨੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ।।

ਮ੍ਰਿਤਕ ਨੌਜਵਾਨ ਰਮਨ ਸਿੰਘ (26) ਦੇ ਪਿਤਾ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਅਤੇ ਸਵੇਰੇ ਸੁੱਤਾ ਹੋਇਆ ਉੱਠ ਨਹੀਂ ਸਕਿਆ ਕਿਉਂਕਿ ਉਸ ਨੇ ਨਸ਼ਾ ਕੀਤਾ ਹੋਇਆ ਸੀ। ਗੁਆਂਡ ‘ਚ ਰਹਿਣ ਵਾਲੇ ਮ੍ਰਿਤਕ ਮੈਦੂ ਸਿੰਘ ਪੁੱਤਰ ਮੁਖਤਿਆਰ ਸਿੰਘ ਨਸ਼ੇ ਦੀ ਡੂੰਘੀ ਦਲਦਲ ਵਿੱਚ ਐਨਾ ਜ਼ਿਆਦਾ ਫਸ ਚੁੱਕਿਆ ਸੀ ਕਿ ਘਰ ਦੇ ਉਸ ਨੇ ਬੂਹੇ ਬਾਰੀਆਂ ਰੋਸ਼ਨਦਾਨ ਅਤੇ ਵਿਹੜੇ ਵਿੱਚ ਉਗਾ ਦਰਖਤ ਵੀ ਵੇਚ ਦਿੱਤਾ ਸੀ। ਘਰ ਵਿੱਚ ਗਰੀਬੀ ਪੈਦਾ ਹੋ ਜਾਣ ਕਾਰਨ ਪਤਨੀ ਅਤੇ ਬੱਚੇ ਵੀ ਛੱਡ ਕੇ ਚਲੇ ਗਏ ਸਨ ਅਤੇ ਇਕੱਲਾ ਰਹਿ ਰਿਹਾ ਸੀ ,ਜਿਸ ਦੀ ਅੱਜ ਸਵੇਰੇ ਮੌਤ ਹੋ ਗਈ।

ਤੀਸਰੇ ਨੌਜਵਾਨ ਰੱਜਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਨਸ਼ਾ ਬੜੀ ਤੇਜ਼ੀ ਦੇ ਨਾਲ ਇਲਾਕੇ ਅੰਦਰ ਫੈਲ ਚੁੱਕਾ ਹੈ ,ਜਿਸ ਨੂੰ ਰੋਕਣਾ ਪੁਲਿਸ ਦੇ ਲਈ ਬਹੁਤ ਔਖਾ ਹੋ ਚੁੱਕਾ ਹੈ। ਉਸ ਨੇ ਪੁੱਤਰ ਦੀ ਲਾਸ਼ ਉੱਪਰ ਰੋਂਦੇ ਹੋਏ ਕਿਹਾ ਕਿ ਸਾਡਾ ਪਰਿਵਾਰ ਦਾ ਸਹਾਰਾ ਤਾਂ ਚਲੇ ਗਿਆ ਹੈ ਪਰ ਪਿੰਡ ਦੇ ਹੋਰ ਨੌਜਵਾਨ ਮੌਤ ਦੇ ਮੂੰਹ ਵਿੱਚ ਜਾਨ ਤੋਂ ਪੁਲਿਸ ਨੂੰ ਰੋਕਣ ਲਈ ਬੇਹੱਦ ਜਿਆਦਾ ਸਖਤੀ ਕਰਨੀ ਚਾਹੀਦੀ ਹੈ।

ਕੱਲ ਚੌਥੇ ਮ੍ਰਿਤਕ ਸੰਦੀਪ ਸਿੰਘ ਪੁੱਤਰ ਵੀਰ ਸਿੰਘ ਦੇ ਵੱਡੇ ਭਰਾ ਗੁਰਜੀਤ ਸਿੰਘ ਨੇ ਵੀ ਕਿਹਾ ਹੈ ਕਿ ਅੱਖਾਂ ਦੇ ਸਾਹਮਣੇ ਨਸ਼ਿਆਂ ਦੀ ਹੋਮ ਡਿਲੀਵਰੀ ਮਿਲ ਰਹੀ ਹੈ, ਜਿਸ ਨੂੰ ਪੁਲਿਸ ਰੋਕਣ ਵਿੱਚ ਬੇਵਸ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਬੀਤੇ ਕੱਲ ਹੁਸ਼ਿਆਰਪੁਰ ਅਤੇ ਨਾਭਾ ਦੇ ਪਿੰਡ ਲੁਬਾਣਾ ਟੇਕੂ ‘ਚ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਯਾਨੀ 2 ਦਿਨਾਂ ‘ਚ 6 ਨੌਜਵਾਨਾਂ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਹੈ।   

By Gurpreet Singh

Leave a Reply

Your email address will not be published. Required fields are marked *