ਜ਼ੀਰਕਪੁਰ ‘ਚ ਵਾਪਰੀ ਘਟਨਾ: ਪਾਣੀ ਦੀ ਪਾਈਪ ਲਾਈਨ ਦੀ ਮੁਰਮੰਤ ਲਈ ਪੁੱਟੇ ਖੱਡੇ ’ਚ ਡਿੱਗਿਆ 12 ਸਾਲਾ ਬੱਚਾ

ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਖੇਤਰ ਦੀ ਮਾਡਰਨ ਇਨਕਲੇਵ ’ਚ ਨਗਰ ਕੌਂਸਲ ਦੇ ਠੇਕੇਦਾਰ ਵੱਲੋਂ ਪਾਈਪ ਲਾਈਨ ਦੀ ਮਰੰਮਤ ਲਈ ਪੁੱਟੇ ਖੱਡੇ ’ਚ ਦੁਪਹਿਰ 12 ਸਾਲਾ ਬੱਚਾ ਡਿੱਗ ਕੇ ਜ਼ਖ਼ਮੀ ਹੋ ਗਿਆ। ਬੱਚਾ ਆਪਣੀ ਮਾਂ ਨਾਲ ਐਕਟੀਵਾ ’ਤੇ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਸੜਕ ’ਤੇ ਬਣੇ ਖੱਡੇ ਕਾਰਨ ਵਾਹਨ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਖੱਡੇ ’ਚ ਜਾ ਡਿੱਗਿਆ। ਜ਼ਖ਼ਮੀ ਹੋਇਆ ਰਿਸ਼ੀ ਨਾਮ ਦਾ ਬੱਚਾ ਨੇੜੇ ਹੀ ਰਹਿੰਦਾ ਦੱਸਿਆ ਜਾ ਰਿਹਾ ਹੈ। 

ਲੋਕਾਂ ਮੁਤਾਬਕ ਠੇਕੇਦਾਰ ਵੱਲੋਂ ਖੱਡੇ ਨੂੰ ਨਾ ਤਾਂ ਢੱਕਿਆ ਗਿਆ ਸੀ ਤੇ ਨਾ ਹੀ ਕੋਈ ਚੇਤਾਵਨੀ ਬੋਰਡ ਜਾਂ ਬੈਰੀਕੇਡ ਲਗਾਇਆ ਸੀ। ਐਕਟੀਵਾ ਫਿਸਲਣ ਨਾਲ ਬੱਚਾ ਸਿੱਧਾ ਖੱਡੇ ’ਚ ਡਿੱਗ ਪਿਆ ਤੇ ਉਸ ਦੇ ਸਿਰ ’ਚ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਸਥਾਨਕ ਨਿਵਾਸੀਆਂ ਨੇ ਤੁਰੰਤ ਬੱਚੇ ਨੂੰ ਬਾਹਰ ਕੱਢ ਕੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਮਾਡਰਨ ਇਨਕਲੇਵ ਦੇ ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਲੋਕਾਂ ਨੇ ਕਿਹਾ ਕਿ ਕਰੀਬ ਇਕ ਹਫ਼ਤਾ ਪਹਿਲਾਂ ਸੜਕ ਦੀਆਂ ਟਾਈਲਾਂ ਉਖਾੜ ਕੇ ਖੱਡਾ ਪੁੱਟਿਆ ਗਿਆ ਸੀ, ਜੋ ਕਈ ਦਿਨਾਂ ਤੋਂ ਹਾਦਸੇ ਨੂੰ ਸੱਦਾ ਦੇ ਰਿਹਾ ਸੀ। 

ਰਾਤ ਦੇ ਸਮੇਂ ਹਨ੍ਹੇਰੇ ’ਚ ਕੋਲੋਂ ਲੰਘਣਾ ਬਹੁਤ ਖ਼ਤਰਨਾਕ ਬਣ ਗਿਆ ਸੀ ਤੇ ਇਸ ਬਾਰੇ ਨਗਰ ਕੌਂਸਲ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਮਾਮਲੇ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਵਿਭਾਗ ਦੇ ਜੇ.ਈ. ਨੂੰ ਕਿਹਾ ਹੈ ਜੇਕਰ ਜਾਂਚ ਦੌਰਾਨ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਠੇਕੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਡਰਨ ਇਨਕਲੇਵ ’ਚ ਸਰਕਾਰੀ ਪਾਈਪ ਲਾਈਨ ਦੀ ਲੀਕੇਜ਼ ਠੀਕ ਕਰ ਦਿੱਤੀ ਗਈ ਸੀ। ਉਨ੍ਹਾਂ ਮੁਤਾਬਕ ਨੇੜਲੇ ਇਕ ਘਰ ਦੀ ਨਿੱਜੀ ਪਾਈਪ ਲਾਈਨ ’ਚ ਲੀਕੇਜ਼ ਹੋਣ ਕਾਰਨ ਖੱਡਾ ਕੁਝ ਸਮੇਂ ਲਈ ਖੁੱਲ੍ਹਾ ਰੱਖਿਆ ਗਿਆ ਸੀ, ਜਿਸ ਨੂੰ ਹੁਣ ਭਰ ਦਿੱਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *