ਮੰਡੀ ਗੋਬਿੰਦਗੜ੍ਹ, 16 ਜੂਨ : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਵਿਚ ਨਿਹੰਗ ਪਹਿਰਾਵੇ ਵਿੱਚ ਇਕ ਨੌਜਵਾਨ ਵੱਲੋਂ ਕੀਤੀ ਗਈ ਖੌਫਨਾਕ ਹਿੰਸਕ ਘਟਨਾ ਨੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਮਾਸਟਰ ਕਲੋਨੀ ‘ਚ ਸੋਮਵਾਰ ਨੂੰ ਹੋਈ ਇਸ ਘਟਨਾ ‘ਚ ਨਿਹੰਗ ਵਾਸਤੇ ਪਹਿਨੇ ਹੋਏ ਨੌਜਵਾਨ ਨੇ ਤਲਵਾਰ ਨਾਲ ਇਕ ਨੌਜਵਾਨ ਜਤਿਨ ਦੇ ਦੋਵੇਂ ਹੱਥ ਵੱਢ ਦਿੱਤੇ।
ਜ਼ਖਮੀ ਜਤਿਨ ਨੂੰ ਤੁਰੰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਦੇ ਚਲਦੇ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਮਕਾਨ ਮਾਲਕਾਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਹਮਲਾਵਰ ਨੌਜਵਾਨ ਲੰਬੇ ਸਮੇਂ ਤੋਂ ਨਿਹੰਗਾਂ ਵਾਲੇ ਪਹਿਰਾਵੇ ਵਿੱਚ ਰਹਿੰਦਾ ਸੀ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਾ ਕਰਨ ਦੇ ਦੋਸ਼ ਲਾ ਕੇ ਡਰਾਉਂਦਾ-ਧਮਕਾਉਂਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਵੀ ਕਈ ਵਾਰੀ ਅਜਿਹਾ ਵਿਵਹਾਰ ਕੀਤਾ ਸੀ, ਪਰ ਪੁਲਿਸ ਵੱਲੋਂ ਢਿੱਲੀ ਕਾਰਵਾਈ ਕਾਰਨ ਹੌਂਸਲਾ ਵਧਿਆ।
ਜਾਣਕਾਰੀ ਅਨੁਸਾਰ, ਇਹ ਨੌਜਵਾਨ ਪਹਿਲਾਂ ਵੀ ਇੱਕ ਵਾਰ ਸਰਹਿੰਦ ਦੇ ਢਾਬੇ ‘ਤੇ ਹੋਈ ਇਕ ਘਟਨਾ ਨੂੰ ਲੈ ਕੇ ਵਿਵਾਦ ‘ਚ ਆ ਚੁੱਕਾ ਹੈ। ਲੋਕਾਂ ਵੱਲੋਂ ਪੁਲਿਸ ਨੂੰ ਵੀ ਇਸ ਸੰਬੰਧੀ ਅਗਾਹ ਕਰ ਦਿੱਤਾ ਗਿਆ ਸੀ, ਪਰ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ।
ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਹਮਲੇ ਸਬੰਧੀ ਬਿਆਨ ਦਰਜ ਕਰ ਲਏ ਗਏ ਹਨ। ਦੋਸ਼ੀ ਵਿਰੁੱਧ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਆਸ਼ਵਾਸਨ ਦਿੱਤਾ ਕਿ ਹਮਲਾਵਰ ਨੂੰ ਕਾਨੂੰਨੀ ਦਾਇਰੇ ‘ਚ ਲਿਆਂਦਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।