ਨੈਸ਼ਨਲ ਟਾਈਮਜ਼ ਬਿਊਰੋ :- ਸਰਕਾਰ ਨੇ ਸ਼ੁੱਕਰਵਾਰ ਲੋਕ ਸਭਾ ’ਚ ਆਮਦਨ ਕਰ ਬਿੱਲ, 2025 ਵਾਪਸ ਲੈ ਲਿਆ। ਸਿਲੈਕਟ ਕਮੇਟੀ ਦੇ ਸੁਝਾਵਾਂ ਅਨੁਸਾਰ ਕੁਝ ਤਬਦੀਲੀਆਂ ਕਰ ਕੇ ਸਰਕਾਰ ਇਕ ਨਵਾਂ ਬਿੱਲ ਲਿਆਏਗੀ। ਇਹ ਬਿੱਲ ਸੋਮਵਾਰ 11 ਅਗਸਤ ਨੂੰ ਲੋਕ ਸਭਾ ’ਚ ਪੇਸ਼ ਕੀਤਾ ਜਾਵੇਗਾ। ਆਮਦਨ ਕਰ ਬਿੱਲ ਦੇ ਅਪਡੇਟ ਕੀਤੇ ਰੂਪ ’ਚ ਕਮੇਟੀ ਦੀਆਂ ਵਧੇਰੇ ਸਿਫ਼ਾਰਸ਼ਾਂ ਸ਼ਾਮਲ ਹੋਣਗੀਆਂ।
ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ.ਆਈ.ਆਰ.) ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਮੇਟੀ ਦੀ ਰਿਪੋਰਟ ਅਨੁਸਾਰ ਆਮਦਨ ਕਰ ਬਿੱਲ 2025 ਵਾਪਸ ਲੈਣ ਦੀ ਇਜਾਜ਼ਤ ਮੰਗੀ। ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਉਨ੍ਹਾਂ ਬਿੱਲ ਵਾਪਸ ਲੈ ਲਿਆ।
ਸਰਕਾਰ ਨੇ ਇਹ ਬਿੱਲ 13 ਫਰਵਰੀ, 2025 ਨੂੰ ਪੇਸ਼ ਕੀਤਾ ਸੀ ਤੇ ਇਸ ਨੂੰ ਅਧਿਐਨ ਲਈ ਲੋਕ ਸਭਾ ਦੀ ਸਿਲੈਕਟ ਕਮੇਟੀ ਨੂੰ ਭੇਜਿਆ ਸੀ। ਸਿਲੈਕਟ ਕਮੇਟੀ ਦੀ ਰਿਪੋਰਟ 21 ਜੁਲਾਈ ਨੂੰ ਹਾਊਸ ’ਚ ਪੇਸ਼ ਕੀਤੀ ਗਈ ਸੀ। ਆਮਦਨ ਕਰ ਬਿੱਲ, 2025 ਨੂੰ ਆਮਦਨ ਕਰ ਐਕਟ, 1961 ਦੀ ਥਾਂ ਲੈਣ ਲਈ ਪੇਸ਼ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਉਲਝਣਾਂ ਤੋਂ ਬਚਣ ਲਈ ਆਮਦਨ ਕਰ ਬਿੱਲ ਦਾ ਨਵਾਂ ਰੂਪ ਸੋਮਵਾਰ ਨੂੰ ਹਾਊਸ ’ਚ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।