ਚੰਡੀਗੜ੍ਹ : ਭਾਰਤ ਦੇ 79ਵੇਂ ਆਜ਼ਾਦੀ ਦਿਵਸ ‘ਤੇ ਬਾਲੀਵੁੱਡ ਦਰਸ਼ਕਾਂ ਲਈ ਵੱਡੀ ਖ਼ਬਰ ਆਈ ਹੈ। ਨਿਰਮਾਤਾਵਾਂ ਨੇ ਆਪਣੀ ਬਹੁ-ਉਡੀਕ ਵਾਲੀ ਫਿਲਮ ‘ਬਾਰਡਰ 2’ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਗਏ ਪਹਿਲੇ ਪੋਸਟਰ ਦੇ ਨਾਲ, ਇਹ ਜਾਣਕਾਰੀ ਦਿੱਤੀ ਗਈ ਕਿ ਇਹ ਫਿਲਮ ਅਗਲੇ ਸਾਲ 22 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਫਿਲਮ ਦੇ ਪੋਸਟਰ ਵਿੱਚ ਕੈਪਸ਼ਨ ਲਿਖਿਆ ਹੈ – “ਹਿੰਦੁਸਤਾਨ ਦੇ ਲਈ ਲੜਨਗੇ … ਫਿਰ ਏਕ ਬਾਰ!”। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਐਲਾਨ ਤੋਂ ਬਾਅਦ, ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ।
‘ਬਾਰਡਰ 2’ ਵਿੱਚ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਦੇ ਵੱਡੇ ਸਿਤਾਰਿਆਂ ਦੀ ਝਲਕ ਦੇਖਣ ਨੂੰ ਮਿਲੇਗੀ। ਫਿਲਮ ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਮੇਧਾ ਰਾਣਾ, ਮੋਨਾ ਸਿੰਘ ਅਤੇ ਸੋਨਮ ਬਾਜਵਾ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ। ਦੇਸ਼ ਭਗਤੀ ਵਾਲੀ ਫਿਲਮ ‘ਬਾਰਡਰ 2’ ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਹੈ, ਕਿਉਂਕਿ ਇਹ ਫਿਲਮ ਨਾ ਸਿਰਫ਼ ਜੇਪੀ ਦੱਤਾ ਦੀ 1997 ਦੀ ਬਲਾਕਬਸਟਰ ਫਿਲਮ ‘ਬਾਰਡਰ’ ਦੀਆਂ ਯਾਦਾਂ ਨੂੰ ਤਾਜ਼ਾ ਕਰੇਗੀ, ਸਗੋਂ ਇੱਕ ਵਾਰ ਫਿਰ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਵੱਡੇ ਪਰਦੇ ‘ਤੇ ਪੇਸ਼ ਕਰੇਗੀ।
