ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਨਿਊਜ਼ੀਲੈਂਡ ਨੇ ਕਰੀਬ 10 ਸਾਲਾਂ ਦੇ ਵਕਫ਼ੇ ਮਗਰੋਂ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਲਈ ਵਾਰਤਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਰਤ ਅਤੇ ਨਿਊਜ਼ੀਲੈਂਡ ਨੇ ਵਸਤਾਂ, ਸੇਵਾਵਾਂ ਅਤੇ ਨਿਵੇਸ਼ ’ਚ ਕਾਰੋਬਾਰ ਨੂੰ ਹੱਲਾਸ਼ੇਰੀ ਦੇਣ ਲਈ ਅਪਰੈਲ 2010 ’ਚ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ) ’ਤੇ ਗੱਲਬਾਤ ਸ਼ੁਰੂ ਕੀਤੀ ਸੀ।
ਕਰੀਬ 10 ਗੇੜਾਂ ਮਗਰੋਂ ਵਾਰਤਾ ਫਰਵਰੀ 2015 ’ਚ ਠੱਪ ਹੋ ਗਈ ਸੀ। ਵਣਜ ਮੰਤਰਾਲੇ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਮੁੜ ਤੋਂ ਮੁਕਤ ਵਪਾਰ ਸਮਝੌਤੇ ਲਈ ਵਾਰਤਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਵਣਜ ਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਤੇ ਨਿਵੇਸ਼ ਮੰਤਰੀ ਟੌਡ ਮੈਕਕਲੇਅ ਵਿਚਕਾਰ ਮੀਟਿੰਗ ਮਗਰੋਂ ਵਾਰਤਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਹ ਵਾਰਤਾ ਉਸ ਸਮੇਂ ਸ਼ੁਰੂ ਹੋ ਰਹੀ ਹੈ ਜਦੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਚਾਰ ਦਿਨਾਂ ਭਾਰਤ ਦੌਰੇ ’ਤੇ ਆਏ ਹੋਏ ਹਨ