ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਨਿਯੁਕਤ ਹੋਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਰਾਤ ਆਪਣੇ ਐਕਸ ਪੋਸਟ ਰਾਹੀਂ ਲਿਖਿਆ, “@AnitaAnandMP ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਬਣਾਏ ਜਾਣ ‘ਤੇ ਵਧਾਈ।” 🇮🇳 🇨🇦
ਇਹ ਨਿਯੁਕਤੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਆਪਣੇ 38 ਮੈਂਬਰੀ ਮੰਤਰੀ ਮੰਡਲ ਦੇ ਐਲਾਨ ਮਗਰੋਂ ਹੋਈ। ਨਵੇਂ ਮੰਤਰੀ ਮੰਡਲ ਵਿੱਚ 28 ਮੰਤਰੀਆਂ ਨਾਲ ਨਾਲ 10 ਸੈਕਰੇਟਰੀਜ਼ ਆਫ਼ ਸਟੇਟ ਵੀ ਸ਼ਾਮਲ ਹਨ, ਜੋ ਆਪਣੇ ਮੰਤਰੀ ਦੇ ਖੇਤਰਾਂ ਅੰਦਰ ਮੁੱਖੀ ਮਸਲਿਆਂ ਤੇ ਤਰਜੀਹਾਂ ਲਈ ਸਮਰਪਿਤ ਲੀਡਰਸ਼ਿਪ ਦੇਣਗੇ।
ਅਨੀਤਾ ਆਨੰਦ, ਜੋ ਕਿ ਇਸ ਮੰਡਲ ਦਾ ਇੱਕ ਅਹਿਮ ਭਾਰਤੀ-ਮੂਲ ਚਿਹਰਾ ਹੈ। ਪਹਿਲਾਂ ਟਰੂਡੋ ਸਰਕਾਰ ਵਿੱਚ ਰੱਖਿਆ ਮੰਤਰੀ, ਵਪਾਰ ਮੰਤਰੀ ਅਤੇ ਖਜ਼ਾਨਾ ਬੋਰਡ ਦੀ ਚੇਅਰਪ੍ਰਸਨ ਵਜੋਂ ਕੰਮ ਕਰ ਚੁੱਕੇ ਹਨ।
ਮੰਤਰੀ ਮੰਡਲ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਐਕਸ ਪੋਸਟ ਵਿੱਚ ਲਿਖਿਆ, “ਕੈਨੇਡਾ, ਮਿਲੋ ਆਪਣੇ ਨਵੇਂ ਮੰਤਰੀ ਮੰਡਲ ਨਾਲ।
ਇਹ ਉਹ ਟੀਮ ਹੈ ਜੋ ਲੀਡ ਕਰਨ ਲਈ ਤਿਆਰ ਅਤੇ ਸਮਰੱਥ ਹੈ। ਅਸੀਂ ਅਮਰੀਕਾ ਨਾਲ ਨਵਾਂ ਆਰਥਿਕ ਅਤੇ ਸੁਰੱਖਿਆ ਸੰਬੰਧ ਬਣਾਉਣ, ਮਹਿੰਗਾਈ ਘਟਾਉਣ ਅਤੇ G7 ਵਿੱਚ ਸਭ ਤੋਂ ਮਜ਼ਬੂਤ ਅਰਥਵਿਵਸਥਾ ਬਣਾਉਣ ਵੱਲ ਕਦਮ ਚੁੱਕਾਂਗੇ।”
ਕਾਰਨੀ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੀ ਪ੍ਰਾਇਰਟੀ ਅਮਰੀਕਾ ਨਾਲ ਸੁਰੱਖਿਆ ਅਤੇ ਵਪਾਰ ਸੰਬੰਧਾਂ ਨੂੰ ਨਵੀਂ ਦਿਸ਼ਾ ਦੇਣ, ਜੀਵਨ ਲਾਗਤ ਘਟਾਉਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨੀ ਹੈ।
ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਦੀ ਅਗਵਾਈ ਹੇਠ 343 ਵਿੱਚੋਂ 169 ਸੀਟਾਂ ਜਿੱਤ ਕੇ ਘੱਟ ਗਿਣਤੀ ਸਰਕਾਰ ਬਣਾਈ। ਜਸਟਿਨ ਟਰੂਡੋ ਨੇ ਪਾਰਟੀ ਦੀ ਅੰਦਰੂਨੀ ਵਿਸ਼ਵਾਸ ਘਾਟ ਕਾਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕਾਰਨੀ ਨੂੰ ਪ੍ਰਧਾਨ ਮੰਤਰੀ ਬਨਣ ਤੇ ਵਧਾਈ ਦਿੱਤੀ ਸੀ। ਉਨ੍ਹਾਂ ਲਿਖਿਆ, “ਮਾਰਕ ਕਾਰਨੀ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਤੇ ਅਤੇ ਲਿਬਰਲ ਪਾਰਟੀ ਨੂੰ ਜਿੱਤ ‘ਤੇ ਵਧਾਈ। ਭਾਰਤ ਅਤੇ ਕੈਨੇਡਾ ਨੂੰ ਲੋਕਤੰਤਰਿਕ ਮੁੱਲਾਂ, ਕਾਨੂੰਨ ਦੀ ਪਾਲਣਾ ਅਤੇ ਲੋਕ-ਟੂ-ਲੋਕ ਸਬੰਧ ਜੋੜਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮਿਲਕੇ ਦੋਵਾਂ ਦੇਸ਼ਾਂ ਲਈ ਨਵੇਂ ਮੌਕੇ ਬਣਾਵਾਂਗੇ।”
ਪਿਛਲੀ ਸਰਕਾਰ ਦੇ ਦੌਰਾਨ ਭਾਰਤ-ਕੈਨੇਡਾ ਸੰਬੰਧ ਕਾਫੀ ਤਣਾਅਪੂਰਨ ਰਹੇ, ਪਰ ਕਾਰਨੀ ਨੇ ਹਾਲੀਆਂ ਪਹਲਾਂ ਰਾਹੀਂ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਪਹਿਲਗਾਮ ਆਤੰਕਵਾਦੀ ਹਮਲੇ ਉਪਰੰਤ ਸ਼ਰਧਾਂਜਲੀ ਵੀ ਦਿੱਤੀ ਸੀ।
