ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਸਟ੍ਰੇਲੀਆ ਦੇ ਅਗਾਮੀ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਸ ‘ਚ ਸਪਿਨਰ ਸ਼੍ਰੇਅੰਕਾ ਪਾਟਿਲ ਲੰਬੀ ਸੱਟ ਤੋਂ ਬਾਅਦ ਟੀ-20 ਟੀਮ ਵਿੱਚ ਵਾਪਸੀ ਕਰ ਰਹੀ ਹੈ। ਭਾਰਤੀ ਟੀਮ 15 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ ‘ਤੇ ਤਿੰਨ ਟੀ-20, ਤਿੰਨ ਵਨਡੇ ਅੰਤਰਰਾਸ਼ਟਰੀ ਅਤੇ ਇੱਕ ਟੈਸਟ ਮੈਚ ਖੇਡੇਗੀ।
ਹਰਮਨਪ੍ਰੀਤ ਕੌਰ ਵਨਡੇ ਅਤੇ ਟੀ-20 ਦੋਵਾਂ ਫਾਰਮੈਟਾਂ ਵਿੱਚ ਭਾਰਤ ਦੀ ਕਪਤਾਨੀ ਕਰੇਗੀ, ਜਦੋਂ ਕਿ ਸਮ੍ਰਿਤੀ ਮੰਧਾਨਾ ਉਪ-ਕਪਤਾਨ ਬਣੀ ਰਹੇਗੀ। ਉਥੇ ਹੀ ਟੈਸਟ ਟੀਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਭਾਰਤੀ ਅਤੇ ਆਸਟ੍ਰੇਲੀਆਈ ਮਹਿਲਾ ਟੀਮਾਂ ਵਿਚਕਾਰ ਇਹ ਟੂਰਨਾਮੈਂਟ 15 ਫਰਵਰੀ ਤੋਂ 9 ਮਾਰਚ, 2026 ਤੱਕ ਚੱਲੇਗਾ। ਇਹ ਦੌਰਾ ਟੀ-20 ਸੀਰੀਜ਼ ਨਾਲ ਸ਼ੁਰੂ ਹੋਵੇਗਾ, ਜਿਸ ਦਾ ਪਹਿਲਾ ਮੈਚ 15 ਫਰਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਤੇ ਹੋਵੇਗਾ। ਇਸ ਤੋਂ ਬਾਅਦ ਦੂਜਾ ਟੀ-20 ਮੈਚ 19 ਫਰਵਰੀ ਨੂੰ ਕੈਨਬਰਾ ਦੇ ਮੈਨੂਕਾ ਓਵਲ ਅਤੇ ਤੀਜਾ 21 ਫਰਵਰੀ ਨੂੰ ਐਡੀਲੇਡ ਓਵਲ ‘ਤੇ ਹੋਵੇਗਾ।
ਟੀ-20 ਤੋਂ ਬਾਅਦ ਧਿਆਨ 24 ਫਰਵਰੀ ਨੂੰ ਬ੍ਰਿਸਬੇਨ ਦੇ ਐਲਨ ਬਾਰਡਰ ਫੀਲਡ ਵਿਖੇ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਵੱਲ ਜਾਵੇਗਾ। ਫਿਰ ਟੀਮਾਂ ਦੂਜੇ ਅਤੇ ਤੀਜੇ ਵਨਡੇ ਲਈ ਹੋਬਾਰਟ ਦੇ ਬੇਲੇਰਾਈਵ ਓਵਲ ਜਾਣਗੀਆਂ, ਜੋ ਕ੍ਰਮਵਾਰ 27 ਫਰਵਰੀ ਅਤੇ 1 ਮਾਰਚ ਨੂੰ ਹੋਣ ਵਾਲੇ ਹਨ। ਇਹ ਦੌਰਾ ਵੱਕਾਰੀ ਇੱਕ ਟੈਸਟ ਮੈਚ ਨਾਲ ਸਮਾਪਤ ਹੋਵੇਗਾ, ਜੋ ਕਿ 6 ਤੋਂ 9 ਮਾਰਚ ਤੱਕ ਪਰਥ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਸ਼੍ਰੇਯੰਕਾ ਦੀ ਵਾਪਸੀ
ਸ਼੍ਰੇਯੰਕਾ, ਜਿਨ੍ਹਾਂ ਨੇ ਆਖਰੀ ਵਾਰ 2024 ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਆਪਣੀ ਪਿੰਨੀ, ਗੁੱਟ ਅਤੇ ਅੰਗੂਠੇ ਦੀਆਂ ਸੱਟਾਂ ਕਾਰਨ ਲੱਗਭਗ 14 ਮਹੀਨੇ ਬਾਹਰ ਰਹਿਣ ਤੋਂ ਬਾਅਦ ਟੀ-20 ਟੀਮ ਵਿੱਚ ਵਾਪਸੀ ਕਰ ਰਹੀ ਹੈ। ਰਿਚਾ ਘੋਸ਼ ਅਤੇ ਜੀ. ਕਮਲਿਨੀ ਨੂੰ ਵ੍ਹਾਈਟ-ਬਾਲ ਦੇ ਦੋਵਾਂ ਫਾਰਮੈਟਾਂ ਲਈ ਵਿਕਟਕੀਪਿੰਗ ਵਿਕਲਪਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਭਾਰਤੀ ਮਹਿਲਾ T20 ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਰੇਣੁਕਾ ਠਾਕੁਰ, ਸ਼੍ਰੀ ਚਰਨੀ, ਵੈਸ਼ਨਵੀ ਸ਼ਰਮਾ, ਕ੍ਰਾਂਤੀ ਗੌੜ, ਸਨੇਹ ਰਾਣਾ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ.ਕਮਾਲਿਨੀ (ਵਿਕਟਕੀਪਰ), ਅਰੁੰਧਤੀ ਰੈਡੀ, ਅਮਨਜੋਤ ਕੌਰ, ਜੇਮੀਮਾ ਰੌਡਰਿਗਜ਼, ਭਾਰਤੀ ਫੁਲਮਾਲੀ, ਸ਼੍ਰੇਅੰਕਾ ਪਾਟਿਲ।
ਭਾਰਤੀ ਮਹਿਲਾ ਇੱਕ ਰੋਜ਼ਾ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਰੇਣੁਕਾ ਠਾਕੁਰ, ਸ਼੍ਰੀ ਚਰਨੀ, ਵੈਸ਼ਨਵੀ ਸ਼ਰਮਾ, ਕ੍ਰਾਂਤੀ ਗੌੜ, ਸਨੇਹ ਰਾਣਾ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ.ਕਮਾਲਿਨੀ (ਵਿਕਟਕੀਪਰ), ਕਾਸ਼ਵੀ ਗੌਤਮ, ਅਮਨਜੋਤ ਕੌਰ, ਜੇਮੀਮਾ ਰੌਡਰਿਗਜ਼, ਹਰਲੀਨ ਦਿਓਲ।
