41 ਸਾਲ ਬਾਅਦ ਫਿਰ ਪੁਲਾੜ ਵਿਚ’ ਭਾਰਤ ਦੀ ਇਤਿਹਾਸਕ ਛਾਲ!

ਨੈਸ਼ਨਲ ਟਾਈਮਜ਼ ਬਿਊਰੋ :- ਹਮੇਸ਼ਾ ਤੋਂ ਇਨਸਾਨ ਦੀ ਜਿਗਿਆਸਾ ਦਾ ਕੇਂਦਰ ਰਹੇ ਪੁਲਾੜ ’ਚ ਅਰਬਾਂ ਆਕਾਸ਼-ਗੰਗਾਵਾਂ ਅਤੇ ਗ੍ਰਹਿ ਮੌਜੂਦ ਹਨ। ਸੂਰਜ, ਚੰਦ ਅਤੇ ਤਾਰੇ ਸਾਡੇ ਪੁਲਾੜ ਦਾ ਹੀ ਇਕ ਹਿੱਸਾ ਹਨ। ਜਿਥੇ ਧਰਤੀ ਦੇ ਵਾਯੂਮੰਡਲ ਦਾ ਅੰਤ ਹੁੰਦਾ ਹੈ ਉਥੋਂ ਪੁਲਾੜ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਨੂੰ ‘ਕਾਰਮੇਨੇਕ’ ਕਿਹਾ ਜਾਂਦਾ ਹੈ। ਉਥੇ ਹਵਾ ਨਹੀਂ ਹੁੰਦੀ।

‘ਭਾਰਤੀ ਪੁਲਾੜ ਖੋਜ ਸੰਸਥਾਨ’ (ਇਸਰੋ) ਨੇ 15 ਅਗਸਤ, 1969 ਨੂੰ ਹੋਂਦ ’ਚ ਆਉਣ ਤੋਂ ਬਾਅਦ ਅਨੇਕ ਸਫਲਤਾਵਾਂ ਹਾਸਲ ਕੀਤੀਆਂ ਹਨ। ਇਥੋਂ ਤਕ ਕਿ ਕੌਮਾਂਤਰੀ ਪੁਲਾੜ ਖੋਜ ’ਚ ਭਾਰਤੀ ਮੂਲ ਦੀਆਂ 2 ਪੁਲਾੜ ਯਾਤਰੀਆਂ ਨੇ ਵਿਸ਼ੇਸ਼ ਪਛਾਣ ਬਣਾਈ ਹੈ।

‘ਅਮਰੀਕੀ ਪੁਲਾੜ ਖੋਜ ਸੰਸਥਾਨ’ (ਨਾਸਾ) ਨਾਲ ਜੁੜੀ ਭਾਰਤੀ ਮੂਲ ਦੀ ‘ਕਲਪਨਾ ਚਾਵਲਾ’ ਨੇ 1997 ’ਚ ਪੁਲਾੜ ਯਾਨ ‘ਕੋਲੰਬੀਆ’ ਵਿਚ ਉਡਾਣ ਭਰੀ। ਪਹਿਲੀ ਉਡਾਣ ’ਚ ਉਨ੍ਹਾਂ ਨੇ 252 ਵਾਰ ਧਰਤੀ ਦੀ ਪਰਿਕਰਮਾ ਕੀਤੀ ਅਤੇ 376 ਘੰਟੇ ਪੁਲਾੜ ’ਚ ਬਿਤਾਏ ਜਦਕਿ ਉਨ੍ਹਾਂ ਦੀ ਦੂਸਰੀ ਪੁਲਾੜ ਯਾਤਰਾ 2003 ’ਚ ਹੋਈ ਸੀ ਜੋ ਜਾਨਲੇਵਾ ਸਿੱਧ ਹੋਈ। ਉਨ੍ਹਾਂ ਨੂੰ ਲੈ ਕੇ ਆ ਰਿਹਾ ‘ਕੋਲੰਬੀਅਾ ਪੁਲਾੜ ਯਾਨ’ ਹਾਦਸਾਗ੍ਰਸਤ ਹੋ ਜਾਣ ਨਾਲ ‘ਕਲਪਨਾ ਚਾਵਲਾ’ ਅਤੇ ਉਨ੍ਹਾਂ ਦੇ ਨਾਲ 6 ਹੋਰ ਪੁਲਾੜ ਯਾਤਰੀ ਮਾਰੇ ਗਏ।

‘ਨਾਸਾ’ ਨਾਲ ਜੁੜੇ ਭਾਰਤੀ ਮੂਲ ਦੀ ਦੂਸਰੀ ਪੁਲਾੜ ਯਾਤਰੀ ਅਮਰੀਕਾ ਦੀ ਹੀ ‘ਸੁਨੀਤਾ ਵਿਲੀਅਮਸ’ ਹਨ ਜੋ ‘ਕੌਮਾਂਤਰੀ ਪੁਲਾੜ ਸਟੇਸ਼ਨ’ (ਆਈ.ਐੱਸ.ਐੱਸ.) ’ਤੇ 9 ਮਹੀਨੇ ਬਿਤਾਉਣ ਤੋਂ ਬਾਅਦ ਇਸੇ ਸਾਲ 19 ਮਾਰਚ ਨੂੰ ਧਰਤੀ ’ਤੇ ਵਾਪਸ ਪਰਤੇ ਹਨ।

‘ਸੁਨੀਤਾ ਵਿਲੀਅਮਸ’ ਦੇ ਧਰਤੀ ’ਤੇ ਪਰਤਣ ਦੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਇਕ ਤਸਵੀਰ ’ਚ ਉਨ੍ਹਾਂ ਦੇ ਕਮਜ਼ੋਰ ਸਰੀਰ ਨੂੰ ਦੇਖ ਕੇ ਵਿਵਾਦ ਪੈਦਾ ਹੋ ਗਿਆ ਸੀ ਕਿ ਕੀ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਭੋਜਨ ਦੀ ਕਮੀ ਹੈ? ਉਦੋਂ ‘ਨਾਸਾ’ ਨੇ ਕਿਹਾ ਸੀ ਕਿ ਪੁਲਾੜ ’ਚ ਭੋਜਨ ਦੀ ਕਮੀ ਨਹੀਂ ਹੈ।

ਖੈਰ, ਪੁਲਾੜ ’ਚ ਕਦਮ ਰੱਖਣ ਵਾਲੇ ਪਹਿਲੇ ਠੇਠ ਭਾਰਤੀ ਵਿੰਗ ਕਮਾਂਡਰ ‘ਰਾਕੇਸ਼ ਸ਼ਰਮਾ’ ਸਨ, ਜਿਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਸਥਾਨ ‘ਇਸਰੋ’ ਅਤੇ ਸੋਵੀਅਤ ਸੰਘ (ਹੁਣ ਰੂਸ) ਦੇ ਸੰਯੁਕਤ ਮਿਸ਼ਨ ਦੇ ਅਧੀਨ 3 ਅਪ੍ਰੈਲ, 1984 ਨੂੰ ਸੋਯੂਜ ਟੀ-11 ਰਾਹੀਂ ਪੁਲਾੜ ਦੇ ਲਈ ਉਡਾਣ ਭਰੀ ਅਤੇ ਉਥੇ 7 ਦਿਨ 21 ਘੰਟੇ ਅਤੇ 40 ਮਿੰਟ ਬਿਤਾਏ ਸਨ।

ਅਤੇ ਹੁਣ ਉਸ ਇਤਿਹਾਸਕ ਘਟਨਾ ਦੇ 41 ਸਾਲ ਬਾਅਦ ਇਕ ਵਾਰ ਫਿਰ ਭਾਰਤ ਨੇ ਪੁਲਾੜ ਖੋਜ ਦੇ ਖੇਤਰ ’ਚ ਇਕ ਹੋਰ ਇਤਿਹਾਸਕ ਛਾਲ ਮਾਰੀ ਹੈ। ‘ਇਸਰੋ’ ਅਤੇ ‘ਨਾਸਾ’ ਵਿਚ ਹੋਏ ਐਗਰੀਮੈਂਟ ਦੇ ਤਹਿਤ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ‘ਸ਼ੁਭਾਂਸ਼ੂ ਸ਼ੁਕਲਾ’ ਨੇ 25 ਜੂਨ, 2025 ਨੂੰ ਅਮਰੀਕਾ ’ਚ ਫਲੋਰਿਡਾ ਦੇ ‘ਕੈਨੇਡੀ ਸਪੇਸ ਸੈਂਟਰ’ ਤੋਂ ਉਡਾਣ ਭਰੀ ਹੈ।

‘ਸ਼ੁਭਾਂਸ਼ੂ ਸ਼ੁਕਲਾ’ ‘ਐਕਸੀਓਮ-4’ ਨਾਂ ਦੇ ਇਸ ਮਿਸ਼ਨ ਦੇ ਪਾਇਲਟ ਹਨ। ਉਨ੍ਹਾਂ ਦੇ ਨਾਲ ‘ਨਾਸਾ’ ਨੇ ਮਿਸ਼ਨ ਦੀ ਕਮਾਂਡਰ ਅਤੇ ਅਮਰੀਕਾ ਦੀ ਸਭ ਤੋਂ ਤਜਰਬੇਕਾਰ ਪੁਲਾੜ ਯਾਤਰੀ ‘ਪੈਗੀ ਵ੍ਹਿਟਸਨ’, ਪੋਲੈਂਡ ਦੇ ‘ਸਲਾਵੋਜ ਉਜਰਾਨਸਕੀ’ ਅਤੇ ਹੰਗਰੀ ਦੇ ‘ਟਿਬੋਰ ਕਾਪੂ’ ਨੂੰ ਸਪੈਸ਼ਲਿਸਟ ਦੇ ਰੂਪ ’ਚ ਭੇਜਿਆ ਹੈ।

‘ਇਸਰੋ’ ਦੇ ਅਨੁਸਾਰ ਇਹ ਮਿਸ਼ਨ ਪੁਲਾੜ ਵਿਗਿਆਨ ਅਤੇ ਟੈਕਨਾਲੋਜੀ ਨੂੰ ਅੱਗੇ ਵਧਾਉਣ ਲਈ ਭਾਰਤ ਦੇ ਸਮਰਪਣ ਦਾ ਪ੍ਰਮਾਣ ਹੈ। ਇਸ 14 ਦਿਨਾਂ ਮਿਸ਼ਨ ਦੇ ਦੌਰਾਨ ‘ਮਨੁੱਖੀ ਸਰੀਰ ਕਿਰਿਆ ਵਿਗਿਆਨ’, ‘ਪੋਸ਼ਣ’ ਅਤੇ ‘ਪੁਲਾੜ ’ਚ ਬੀਜ ਪੁੰਗਰਣ’ ਸਮੇਤ ਸੂਖਮ ਗੁਰੂਤਵ ਆਕਰਸ਼ਣ ਦੀ ਖੋਜ ਕੀਤੀ ਜਾਵੇਗੀ।

‘ਐਕਸੀਓਮ-4’ ਮਿਸ਼ਨ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ‘ਸ਼ੁਭਾਂਸ਼ੂ ਸ਼ੁਕਲਾ’ ਨੇ ਪੁਲਾੜ ਤੋਂ ਪਹਿਲਾ ਸੰਦੇਸ਼ ਭੇਜਿਆ, ਜਿਸ ’ਚ ਉਨ੍ਹਾਂ ਨੇ ਕਿਹਾ, ‘‘ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ! ਅਸੀਂ 41 ਸਾਲ ਬਾਅਦ ਇਕ ਵਾਰ ਫਿਰ ਪੁਲਾੜ ’ਚ ਵਾਪਸ ਆ ਗਏ ਹਾਂ। ਇਹ ਇਕ ਅਨੋਖਾ ਸਫਰ ਹੈ (ਵ੍ਹਟ ਏ ਰਾਈਡ) ਅਤੇ ਮੇਰੇ ਮੋਢਿਆਂ ’ਤੇ ਉਭਰਿਆ ਹੋਇਆ ਤਿਰੰਗਾ ਮੈਨੂੰ ਦੱਸਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ।’’

‘‘ਮੇਰੀ ਇਹ ਯਾਤਰਾ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਯਾਤਰਾ ਦਾ ਹਿੱਸਾ ਬਣੋ। ਤੁਹਾਡੀ ਛਾਤੀ ਵੀ ਮਾਣ ਨਾਲ ਚੌੜੀ ਹੋਣੀ ਚਾਹੀਦੀ ਹੈ। ਜੈ ਹਿੰਦ। ਜੈ ਭਾਰਤ।’’

‘ਸ਼ੁਭਾਂਸ਼ੂ ਸ਼ੁਕਲਾ’ ਦਾ ਇਹ ਤਜਰਬਾ ਭਾਰਤ ਦੇ ‘ਗਗਨਯਾਨ ਮਿਸ਼ਨ’ ਵਿਚ ਕੰਮ ਆਏਗਾ ਜੋ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ ਹੋਵੇਗਾ। ਇਸ ਦਾ ਮਕਸਦ ਭਾਰਤੀ ਗਗਨ ਯਾਤਰੀਆਂ ਨੂੰ ਧਰਤੀ ਦੇ ਹੇਠਲੇ ਪੰਧ ’ਚ ਭੇਜਣਾ ਅਤੇ ਸੁਰੱਖਿਅਤ ਤੌਰ ’ਤੇ ਵਾਪਸ ਲਿਆਉਣਾ ਹੈ। ਇਸ ਦੇ 2026-2027 ’ਚ ਲਾਂਚ ਹੋਣ ਦੀ ਸੰਭਾਵਨਾ ਹੈ।

ਫਿਰ 2035 ਤਕ ਭਾਰਤ ਦਾ ਆਪਣਾ ‘ਭਾਰਤੀ ਪੁਲਾੜ ਸਟੇਸ਼ਨ’ ਜਾਂ ‘ਇੰਡੀਅਨ ਸਪੇਸ ਸਟੇਸ਼ਨ’ ਹੋਵੇਗਾ, ਜਿਸ ਦਾ ਟੀਚਾ 2040 ਤੱਕ ਭਾਰਤੀ ਤਕਨੀਕ ਦੀ ਵਰਤੋਂ ਕਰ ਕੇ ਇਕ ਭਾਰਤੀ ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਾਰਨਾ ਵੀ ਹੈ। ‘ਐਕਸੀਓਮ-4’ ਮਿਸ਼ਨ ਉਸ ਲੰਬੇ ਰਾਹ ’ਚ ਇਕ ਕਦਮ ਹੈ ਜਿਸ ਦੇ ਲਈ ਇਸ ਪ੍ਰਾਜੈਕਟ ਨਾਲ ਜੁੜੇ ਸਾਰੇ ਲੋਕ ਵਧਾਈ ਦੇ ਪਾਤਰ ਹਨ।

By Gurpreet Singh

Leave a Reply

Your email address will not be published. Required fields are marked *