IPL 2025 ; ਅੱਜ ਫ਼ਸਣਗੇ ਕੁੰਡੀਆਂ ਦੇ ਸਿੰਗ ! ਗੁਜਰਾਤ ਨੂੰ ਟੱਕਰ ਦੇਣਗੇ ਪੰਜਾਬ ਦੇ ਸ਼ੇਰ

ਆਈ.ਪੀ.ਐੱਲ. ਦੇ 18ਵੇਂ ਸੀਜ਼ਨ ‘ਚ ਅੱਜ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਪਹਿਲੀ ਵਾਰ ਪੰਜਾਬ ‘ਚ ਸ਼ਾਮਲ ਹੋਏ ਸ਼੍ਰੇਅਸ ਅਈਅਰ ਤੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਵਿਚਾਲੇ ਕਪਤਾਨੀ ਦੀ ਵੀ ਰੋਮਾਂਚਕ ਜੰਗ ਦੇਖਣ ਨੂੰ ਮਿਲੇਗੀ। ਇਹ ਮੈਚ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

ਅਈਅਰ ਆਈ.ਪੀ.ਐੱਲ. ਦੇ ਸਫਲ ਕਪਤਾਨਾਂ ਵਿਚ ਸ਼ਾਮਲ ਹੈ, ਜਿਸ ਦੀ ਅਗਵਾਈ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਪਿਛਲੇ ਸਾਲ ਫਾਈਨਲ ਮੁਕਾਬਲੇ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ ਅਈਅਰ ਦੀ ਕਪਤਾਨੀ ‘ਚ ਸਾਲ 2020 ਵਿਚ ਦਿੱਲੀ ਕੈਪੀਟਲਸ ਨੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਹੁਣ ਉਸ ਦਾ ਟੀਚਾ ਪੰਜਾਬ ਦਾ ਆਈ.ਪੀ.ਐੱਲ. ਖਿਤਾਬ ਜਿੱਤਣ ਦਾ 18 ਸਾਲ ਲੰਬਾ ਇੰਤਜ਼ਾਰ ਖ਼ਤਮ ਕਰਨਾ ਹੈ। ਪੰਜਾਬ ਦੀ ਟੀਮ ਇਸ ਤੋਂ ਪਹਿਲਾਂ 2018 ਦੇ ਸੈਮੀਫਾਈਨਲ ਵਿਚ ਪਹੁੰਚੀ ਸੀ, ਜਦਕਿ ਉਸ ਨੇ 2014 ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਪਰ ਪਿਛਲੇ ਚਾਰ ਸਾਲਾਂ ਵਿਚ ਟੀਮ ਟਾਪ-5 ਵਿਚ ਵੀ ਜਗ੍ਹਾ ਨਹੀਂ ਬਣਾ ਸਕੀ।

PunjabKesari

ਕਿੰਗਜ਼ ਇਲੈਵਨ ਪੰਜਾਬ ਤੋਂ ਪੰਜਾਬ ਕਿੰਗਜ਼ ਬਣਨ ਦੇ ਬਾਵਜੂਦ ਇਸ ਟੀਮ ਨੂੰ ਅਜੇ ਵੀ ਆਪਣੇ ਪਹਿਲੇ ਆਈ.ਪੀ.ਐੱਲ. ਖਿਤਾਬ ਦਾ ਇੰਤਜ਼ਾਰ ਹੈ ਪਰ ਹੁਣ ਅਈਅਰ ਦੇ ਰੂਪ ਵਿਚ ਨਵਾਂ ਕਪਤਾਨ ਤੇ ਰਿਕੀ ਪੌਂਟਿੰਗ ਦੇ ਰੂਪ ਵਿਚ ਨਵਾਂ ਹੈੱਡ ਕੋਚ ਮਿਲਣ ਤੋਂ ਬਾਅਦ ਪੰਜਾਬ ਦੀ ਟੀਮ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਤਿਆਰ ਹੈ।

ਦੂਜੇ ਪਾਸੇ ਗਿੱਲ ਨੂੰ ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦਾ ਕਪਤਾਨ ਮੰਨਿਆ ਜਾ ਰਿਹਾ ਹੈ। ਉਸ ਨੂੰ ਹਾਲ ਹੀ ਵਿਚ ਭਾਰਤ ਦੀ ਵਨ ਡੇ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ। ਉਸ ਨੇ ਹਾਰਦਿਕ ਪੰਡਯਾ ਦੇ ਪਿਛਲੇ ਸਾਲ ਮੁੰਬਈ ਇੰਡੀਅਨਜ਼ ਨਾਲ ਜੁੜ ਜਾਣ ਤੋਂ ਬਾਅਦ ਗੁਜਰਾਤ ਦੀ ਕਪਤਾਨੀ ਸੰਭਾਲੀ ਸੀ ਪਰ ਉਸਦੀ ਟੀਮ ਤਦ 8ਵੇਂ ਸਥਾਨ ’ਤੇ ਰਹੀ ਸੀ। ਇਸ ਤੋਂ ਪਹਿਲਾਂ ਹਾਰਦਿਕ ਦੀ ਕਪਤਾਨੀ ਵਿਚ ਗੁਜਰਾਤ ਦੀ ਟੀਮ 2022 ਵਿਚ ਜੇਤੂ ਤੇ 2023 ਵਿਚ ਉਪ ਜੇਤੂ ਰਹੀ ਸੀ।

PunjabKesari

ਗਿੱਲ ਤੇ ਅਈਅਰ ਦੋਵੇਂ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਹਨ। ਇਨ੍ਹਾਂ ਦੋਵਾਂ ਨੇ ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੇ ਖ਼ਿਤਾਬ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਅਈਅਰ ਨੇ ਜਿੱਥੇ ਭਾਰਤ ਵੱਲੋਂ ਟੂਰਨਾਮੈਂਟ ਵਿਚ ਸਭ ਤੋਂ ਵੱਧ 243 ਦੌੜਾਂ ਬਣਾਈਆਂ ਸਨ, ਉੱਥੇ ਹੀ ਗਿੱਲ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਮੈਚ ਵਿਚ ਸੈਂਕੜਾ ਲਾਇਆ ਸੀ ਤੇ ਅਗਲੇ ਮੁਕਾਬਲਿਆਂ ‘ਚ ਵੀ ਉਸ ਨੇ ਮਹੱਤਵਪੂਰਨ ਯੋਗਦਾਨ ਦਿੱਤਾ।

PunjabKesari

ਗੁਜਰਾਤ ਕੋਲ ਗਿੱਲ ਤੇ ਇੰਗਲੈਂਡ ਦੇ ਜੋਸ ਬਟਲਰ ਦੇ ਰੂਪ ਵਿਚ ਆਦਰਸ਼ ਸਲਾਮੀ ਜੋੜੀ ਹੈ। ਮੱਧਕ੍ਰਮ ਦੀ ਕਮਾਨ ਵੈਸਟਇੰਡੀਜ਼ ਦੇ ਸ਼ੇਰਫੇਨ ਰਦਰਫੋਰਡ, ਸਾਈ ਸੁਦਰਸ਼ਨ ਤੇ ਸ਼ਾਹਰੁਖ਼ ਖਾਨ ਦੇ ਹੱਥਾਂ ਵਿਚ ਹੋਵੇਗੀ ਜਦਕਿ ਆਲਰਾਊਂਡਰ ਰਾਸ਼ਿਦ ਖਾਨ, ਰਾਹੁਲ ਤੇਵਤੀਆ, ਗਲੇਨ ਫਿਲਿਪਸ, ਵਾਸ਼ਿੰਗਟਨ ਸੁੰਦਰ ਤੇ ਮਹਿਪਾਲ ਲੋਮਰੋਰ ਤੋਂ ਵੀ ਯੋਗਦਾਨ ਦੀ ਉਮੀਦ ਹੈ।

ਰਾਇਲ ਚੈਲੰਜਰਜ਼ ‘ਚੋਂ ਨਿਕਲ ਕੇ ਗੁਜਰਾਤ ‘ਚ ਸ਼ਾਮਲ ਹੋਇਆ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਟੀਮ ਦੇ ਪ੍ਰਦਰਸ਼ਨ ‘ਚ ਆਪਣਾ ਪ੍ਰਭਾਵ ਪਾਉਣਾ ਚਾਹੇਗਾ। ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਉਸ ਦਾ ਸਾਥ ਦੇਣ ਲਈ ਕੈਗਿਸੋ ਰਬਾਡਾ, ਪ੍ਰਸਿੱਧ ਕ੍ਰਿਸ਼ਣਾ, ਦੱਖਣੀ ਅਫਰੀਕਾ ਦਾ ਗੇਰਾਲਡ ਕੋਏਤਜ਼ੀ ਤੇ ਤਜਰਬੇਕਾਰ ਇਸ਼ਾਂਤ ਸ਼ਰਮਾ ਵਰਗੇ ਚੰਗੇ ਗੇਂਦਬਾਜ਼ ਸ਼ਾਮਲ ਹਨ। ਗੁਜਰਾਤ ਦੇ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਫਿਰ ਤੋਂ ਰਾਸ਼ਿਦ ਖਾਨ ਨਿਭਾਏਗਾ।

PunjabKesari

ਪੰਜਾਬ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਬੱਲੇਬਾਜ਼ੀ ਮੁੱਖ ਰੂਪ ਨਾਲ ਕਪਤਾਨ ਅਈਅਰ, ਜੋਸ਼ ਇੰਗਲਿਸ, ਪ੍ਰਭਸਿਮਰਨ ਸਿੰਘ, ਮਾਰਕਸ ਸਟੋਇਨਿਸ ਤੇ ਗਲੇਨ ਮੈਕਸਵੈੱਲ ’ਤੇ ਨਿਰਭਰ ਰਹੇਗੀ। ਪੰਜਾਬ ਦੀ ਟੀਮ ਵਿਚ ਅਜ਼ਮਤਉੱਲ੍ਹਾ ਉਮਰਜ਼ਈ, ਸਟੋਇਨਿਸ, ਮਾਰਕੋ ਜਾਨਸੇਨ, ਸ਼ਸ਼ਾਂਕ ਸਿੰਘ ਤੇ ਮੁਸ਼ੀਰ ਖਾਨ ਵਰਗੇ ਆਲਰਾਊਂਡਰ ਹਨ। ਪੰਜਾਬ ਦੇ ਤੇਜ਼ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਅਰਸ਼ਦੀਪ ਸਿੰਘ ਕਰੇਗਾ। ਉਸ ਤੋਂ ਇਲਾਵਾ ਪੰਜਾਬ ਦੇ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਲਾਕੀ ਫਰਗਿਊਸਨ, ਕੁਲਦੀਪ ਸੇਨ ਤੇ ਯਸ਼ ਠਾਕੁਰ ਸ਼ਾਮਲ ਹਨ ਜਦਕਿ ਲੈੱਗ ਸਪਿਨਰ ਯੁਜਵੇਂਦਰ ਚਾਹਲ ਤੇ ਖੱਬੇ ਹੱਥ ਦੇ ਸਪਿਨਰ ਹਰਪ੍ਰੀਤ ਬਰਾੜ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ।

PunjabKesari

By Rajeev Sharma

Leave a Reply

Your email address will not be published. Required fields are marked *