ਨੈਸ਼ਨਲ ਟਾਈਮਜ਼ ਬਿਊਰੋ :- ਪਿੰਡ ਲੰਗੜੋਆ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਨੂੰ ਨਸ਼ੇ ਵਿਰੁੱਧ ਸ਼ਪਥ ਦਵਾਈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਾ ਖ਼ਤਮ ਕਰਨ ਲਈ ਸਿਰਫ ਸਰਕਾਰ ਨਹੀਂ, ਸਗੋਂ ਹਰ ਇੱਕ ਨਾਗਰਿਕ ਨੂੰ ਅੱਗੇ ਆਉਣਾ ਪਏਗਾ। ਇਹ ਇੱਕ ਐਸਾ ਯੁੱਧ ਹੈ, ਜਿਸ ਵਿੱਚ ਹਰ ਵਾਰ ਦੀ ਤਰ੍ਹਾਂ ਪੰਜਾਬੀ ਜਿੱਤ ਹਾਸਲ ਕਰਨਗੇ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬੀ ਕਿਸੇ ਬੁਰਾਈ ਨੂੰ ਖ਼ਤਮ ਕਰਨ ਦੀ ਠਾਨ ਲੈਂਦੇ ਹਨ, ਤਾਂ ਓਹ ਉਸ ਨੂੰ ਜੜ੍ਹ ਤੋਂ ਖਤਮ ਕਰਕੇ ਹੀ ਛੱਡਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ “ਸਾਨੂੰ ਦੁਬਾਰਾ ਪੰਜਾਬ ਨੂੰ ਖੇਡਾਂ ਵਾਲਾ, ਫੌਜ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਵਾਲਾ ਰੰਗਲਾ ਪੰਜਾਬ ਬਣਾਉਣਾ ਹੈ,”
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪੰਜਾਬ ਦੀ ਬੇਟੀ ਪੱਖੀ ਤਸਵੀਰ ਵੀ ਰੋਸ਼ਨ ਕੀਤੀ। ਉਨ੍ਹਾਂ ਦੱਸਿਆ ਕਿ 12ਵੀਂ ਕਲਾਸ ਦੇ ਨਤੀਜਿਆਂ ‘ਚ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ ਅਤੇ ਪਹਿਲੇ ਤਿੰਨ ਸਥਾਨਾਂ ‘ਤੇ ਲੜਕੀਆਂ ਹੀ ਟੌਪ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਦੇ ਮਾਪੇ ਆਪਣੀਆਂ ਧੀਆਂ ਨੂੰ ਸਕੂਲ ਨਹੀਂ ਭੇਜਦੇ ਸਨ ਕਿਉਂਕਿ ਆਵਾਜਾਈ ਦੇ ਸਾਧਨ ਮੌਜੂਦ ਨਹੀਂ ਸਨ, ਪਰ ਹੁਣ ਸਰਕਾਰ ਨੇ 10,000 ਬੱਚਿਆਂ ਨੂੰ ਸਕੂਲ ਲਿਜਾਣ ਤੇ ਵਾਪਸ ਘਰ ਲਿਆਉਣ ਲਈ GPS-ਸੰਚਾਲਿਤ ਬੱਸਾਂ ਚਲਾਈਆਂ ਹਨ, ਜਿਸ ਨਾਲ ਮਾਪਿਆਂ ਨੂੰ ਹਰ ਵੇਲੇ ਪਤਾ ਰਹਿੰਦਾ ਹੈ ਕਿ ਉਹਨਾਂ ਦੀ ਧੀ ਕਿੱਥੇ ਪਹੁੰਚੀ ਹੈ।
ਨਾਲ ਇਹ ਵੀ ਆਖਿਆ ਕਿ ਨਸ਼ੇ ਦੀ ਸਭ ਤੋਂ ਵੱਧ ਮਾਰ ਪਰਿਵਾਰ ਦੀਆਂ ਮਹਿਲਾਵਾਂ ਨੂੰ ਝੱਲਣੀ ਪੈਂਦੀ ਹੈ। ਉਨ੍ਹਾਂ ਅੱਜ ਦੀ ਭਾਰੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੂੰ ਸਰਾਹਦਿਆਂ ਕਿਹਾ ਕਿ ਇਹ ਔਰਤਾਂ ਸਰਕਾਰ ਦੀ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਪਰਣਾਮਾਂ ਤੇ ਧੰਨਵਾਦ ਕਰਨ ਆਈਆਂ ਹਨ।
CM ਮਾਨ ਨੇ ਇਹ ਵੀ ਐਲਾਨ ਕੀਤਾ ਕਿ ਪਿੰਡਾਂ ‘ਚ ਖੇਡਾਂ ਨੂੰ ਵਧਾਵਾ ਦੇਣ ਲਈ ਸ਼ਾਨਦਾਰ ਖੇਡ ਸਟੇਡੀਅਮ ਬਣਾਏ ਜਾਣਗੇ ਤਾਂ ਜੋ ਇਲਾਕੇ ਦੇ ਨੌਜਵਾਨ ਵਾਲੀਬਾਲ ਅਤੇ ਫੁੱਟਬਾਲ ਵਰਗੀਆਂ ਖੇਡਾਂ ‘ਚ ਰੁਚੀ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ।
ਉਨ੍ਹਾਂ ਕਿਹਾ, “ਅਸੀਂ ਮੰਨਦੇ ਹਾਂ ਕਿ ਸਾਨੂੰ ਇਸ ਮੁਹਿੰਮ ਨੂੰ ਸ਼ੁਰੂ ਕਰਨ ‘ਚ ਥੋੜ੍ਹਾ ਸਮਾਂ ਲੱਗਿਆ, ਕਿਉਂਕਿ ਅਸੀਂ ਨਸ਼ਿਆਂ ਵਿਰੁੱਧ ਪੂਰੀ ਰੂਪ-ਰੇਖਾ ਤਿਆਰ ਕਰ ਰਹੇ ਸੀ। ਜਿਵੇਂ ਕਿਸੇ ਇਮਾਰਤ ਦੇ ਨਕਸ਼ੇ ਬਣਾਉਣ ਨੂੰ ਸਮਾਂ ਲੱਗਦਾ ਹੈ, ਪਰ ਇੱਕ ਵਾਰ ਨਕਸ਼ਾ ਤੈਅ ਹੋ ਜਾਵੇ ਤਾਂ ਇਮਾਰਤ ਖੜ੍ਹੀ ਕਰਨ ਨੂੰ ਦੇਰ ਨਹੀਂ ਲਗਦੀ।”
ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਜੰਗ ਸਿਰਫ ਸਰਕਾਰ ਦੀ ਨਹੀਂ, ਸਗੋਂ ਸਾਰੇ ਪੰਜਾਬੀਆਂ ਦੀ ਹੈ। “ਆਓ, ਇੱਕਜੁੱਟ ਹੋ ਕੇ ਇਹ ਲੋਕ ਲਹਿਰ ਚਲਾਈਏ ਅਤੇ ਨਸ਼ਿਆਂ ਦੇ ਜੜ ਤੋਂ ਨਾਸ਼ ਲਈ ਏਕਜੁਟ ਹੋਈਏ।”
