ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 95ਵੇਂ ਦਿਨ ਵੀ ਜਾਰੀ ਰਿਹਾ। ਉਂਝ, ਬੁਖਾਰ ਉਤਰਨ ’ਤੇ ਉਹ ਠੀਕ ਮਹਿਸੂਸ ਕਰ ਰਹੇ ਸਨ। ਉਨ੍ਹਾਂ ਢਾਬੀਗੁੱਜਰਾਂ ਬਾਰਡਰ ਤੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਮੁੱਦੇ ’ਤੇ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਸਾਜਿਸ਼ ਦੇ ਤਹਿਤ ਬੇਵਜਾ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਇਸ ਲਈ ਕਿਸਾਨ ਅਤੇ ਖੇਤੀ ਸੈਕਟਰ ਨਹੀਂ ਬਲਕਿ ਖੁਦ ਦਿੱੱਲੀ ਹੀ ਜ਼ਿੰਮੇਵਾਰ ਹੈ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਤਾਜ਼ਾ ਬਿਆਨ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ’ਚ ਉਨ੍ਹਾਂ ਆਖਿਆ ਹੈ ਕਿ ‘ਕੇਂਦਰ ਸਰਕਾਰ ਮੰਨਦੀ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਪਹੁੰਚਦਾ ਬਲਕਿ ਰਾਜਧਾਨੀ ਦੀ ਆਬੋ ਹਵਾ ਨੂੰ ਗੰਧਲਾ ਕਰਨ ਲਈ ਦਿੱਲੀ ਦਾ ਆਪਣਾ ਪੋਲਿਊਸ਼ਨ ਹੈ ਜ਼ਿੰਮੇਵਾਰ ਹੈ’। ਇਸੇ ਹਵਾਲੇ ਨਾਲ ਉਨ੍ਹਾਂ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ ਪੰਜਾਬ ਦੇ ਕਿਸਾਨਾਂ ਖਿਲਾਫ਼ ਮੜ੍ਹੇ ਗਏ ਕੇਸ ਅਤੇ ਜੁਰਮਾਨੇ ਰੱਦ ਕਰਨ ਦੀ ਮੰਗ ਕੀਤੀ। ਇਸ ਸਾਂਝੇ ਬਿਆਨ ਰਾਹੀਂ ਜਗਜੀਤ ਡੱਲੇਵਾਲ ਸਮੇਤ ਕਾਕਾ ਸਿੰਘ ਕੋਟੜਾ, ਮਾਹਨ ਸਿੰਘ ਰਾਜਪੁਰਾ, ਜਸਵੀਰ ਸਿੱਧੂਪੁਰ ਅਤੇ ਮੇਹਰ ਸਿੰਘ ਥੇੜ੍ਹੀ ਦੇ ਨਾਮ ਵੀ ਸ਼ਾਮਲ ਰਹੇ।
95ਵੇਂ ਦਿਨ ਵੀ ਜਾਰੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ, ਦਿੱਲੀ ਦੇ ਪ੍ਰਦੂਸ਼ਣ ਤੇ ਕੇਂਦਰ ਨੂੰ ਘੇਰਿਆ
