ਨਾਭਾ ਦੇ ਜਗਸ਼ੇਰ ਖੰਗੂੜਾ ਨੇ ਰਚਿਆ ਇਤਿਹਾਸ: ਵਿਸ਼ਵ ਜੂਨੀਅਰ ਬੈਡਮਿੰਟਨ ‘ਚ ਜਿੱਤਿਆ ਕਾਂਸੀ ਦਾ ਤਮਗਾ, ਪਹਿਲੇ ਪੰਜਾਬੀ ਖਿਡਾਰੀ ਬਣਨ ‘ਤੇ CM ਮਾਨ ਨੇ ਦਿੱਤੀ ਵਧਾਈ

ਚੰਡੀਗੜ੍ਹ :- ਮਿਸਰ (ਇਜਿਪਟ) ਵਿੱਚ ਕਰਵਾਈ ਗਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਨਾਭਾ ਦੇ 17 ਸਾਲਾ ਸ਼ਟਲਰ ਜਗਸ਼ੇਰ ਸਿੰਘ ਖੰਗੂੜਾ ਨੇ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ ਹੈ। ਜਗਸ਼ੇਰ ਸਿੰਘ ਦੀ ਇਸ ਪ੍ਰਾਪਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਜਿੱਤ ਨੂੰ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ ਹੈ।

ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਿਖਿਆ:

“ਪੰਜਾਬ ਅਤੇ ਪੰਜਾਬ ਬੈਡਮਿੰਟਨ ਲਈ ਇਹ ਬਹੁਤ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਪ੍ਰਾਪਤੀ ਨੂੰ ਹਾਸਲ ਕਰਨ ਵਾਲੇ ਜਗਸ਼ੇਰ ਸਿੰਘ ਪਹਿਲੇ ਪੰਜਾਬੀ ਖਿਡਾਰੀ ਹਨ। ਇਸ ਹੋਣਹਾਰ ਖਿਡਾਰੀ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਨੂੰ ਬਹੁਤ-ਬਹੁਤ ਮੁਬਾਰਕਾਂ।”

ਸੈਮੀਫਾਈਨਲ ‘ਚ ਰਾਦਿਤਿਆ ਵਰਧਨ ਨਾਲ ਹੋਇਆ ਮੁਕਾਬਲਾ

ਸੈਮੀਫਾਈਨਲ ਮੁਕਾਬਲੇ ’ਚ ਜਗਸ਼ੇਰ ਸਿੰਘ ਦਾ ਸਾਹਮਣਾ ਇੰਡੋਨੇਸ਼ੀਆ ਦੇ ਖਿਡਾਰੀ ਰਾਦਿਤਿਆ ਵਰਧਨਾ ਨਾਲ ਹੋਇਆ। ਤਿੰਨ ਸੈੱਟਾਂ ਤੱਕ ਚੱਲੇ ਇਸ ਬਹੁਤ ਹੀ ਫਸਵੇਂ ਅਤੇ ਸੰਘਰਸ਼ਪੂਰਨ ਮੈਚ ਵਿੱਚ ਜਗਸ਼ੇਰ ਨੂੰ 6-15, 15-13, 3-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਉਨ੍ਹਾਂ ਨੇ ਭਾਰਤ ਲਈ ਕਾਂਸੀ ਦਾ ਤਮਗਾ ਪੱਕਾ ਕਰਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ ਉਹ ਇਸ ਮੁਕਾਮ ਤੱਕ ਪਹੁੰਚਣ ਵਾਲੇ ਪੰਜਾਬ ਦੇ ਪਹਿਲੇ ਖਿਡਾਰੀ ਬਣ ਗਏ ਹਨ।

ਮਾਤਾ ਰਹਿ ਚੁੱਕੇ ਹਨ ਵਾਲੀਬਾਲ ਖਿਡਾਰੀ

ਉਨ੍ਹਾਂ ਦੇ ਪਿਤਾ ਮਨਪ੍ਰੀਤ ਸਿੰਘ ਅਤੇ ਮਾਤਾ ਰਸ਼ਪਾਲ ਕੌਰ ਦੋਵੇਂ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ। ਉਨ੍ਹਾਂ ਦੀ ਮਾਤਾ ਵਾਲੀਬਾਲ ਦੀ ਖਿਡਾਰਨ ਰਹੀ ਹੈ। ਜਗਸ਼ੇਰ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਅੰਡਰ-19 ਆਲ ਇੰਡੀਆ ਟੂਰਨਾਮੈਂਟ ’ਚ ਹਿੱਸਾ ਲਿਆ ਅਤੇ 16 ਸਾਲ ਦੀ ਉਮਰ ਵਿੱਚ ਅੰਡਰ-17 ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ।

ਇਸ ਸਾਲ ਉਨ੍ਹਾਂ ਦੀ ਚੋਣ ਭਾਰਤ ਦੀ ਅੰਡਰ-19 ਟੀਮ ਵਿੱਚ ਹੋਈ, ਜਿੱਥੇ ਉਨ੍ਹਾਂ ਨੇ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਹਾਲ ਹੀ ਵਿੱਚ ਉਨ੍ਹਾਂ ਨੇ ਪੰਜਾਬ ਸਟੇਟ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਵਿੱਚ ਵੀ ਸੋਨੇ ਦਾ ਤਮਗਾ ਹਾਸਲ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *