ਜਗਤਾਰ ਸਿੰਘ ਹਵਾਰਾ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ, ਸਿੱਖ ਕੌਮ ਨੂੰ ਏਕਤਾ ਦਾ ਦਿੱਤਾ ਸੱਦਾ

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਜਗਤਾਰ ਸਿੰਘ ਹਵਾਰਾ ਨੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੇ ਦੇਹਾਂਤ ’ਤੇ ਸ਼ੋਕ ਸੰਦੇਸ਼ ਭੇਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਡੋਲੀ ਜੇਲ੍ਹ, ਨਵੀਂ ਦਿੱਲੀ ਤੋਂ ਭੇਜੇ ਗਏ ਇਸ ਸੰਦੇਸ਼ ਵਿੱਚ ਹਵਾਰਾ ਨੇ ਮਾਤਾ ਚਰਨ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਕੌਮ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਰਹਿਣ ਦੀ ਅਪੀਲ ਕੀਤੀ।

ਆਪਣੇ ਸੰਦੇਸ਼ ਵਿੱਚ ਹਵਾਰਾ ਨੇ ਕਿਹਾ ਕਿ ਮਾਤਾ ਚਰਨ ਕੌਰ ਉਸ ਪੀੜ੍ਹੀ ਦੀਆਂ ਦਾਦੀਆਂ ਵਿੱਚੋਂ ਸਨ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾ ਕੇ ਨਵੀਂ ਪੀੜ੍ਹੀ ਤੱਕ ਸਿੱਖ ਇਤਿਹਾਸ, ਵਿਰਸੇ ਅਤੇ ਕਦਰਾਂ-ਕੀਮਤਾਂ ਨੂੰ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਮਾਤਾ ਚਰਨ ਕੌਰ ਨੇ ਅੰਮ੍ਰਿਤਪਾਲ ਸਿੰਘ ਦੀ ਸੋਚ ਅਤੇ ਸਿੱਖ ਵਿਰਸੇ ਪ੍ਰਤੀ ਸਮਝ ਨੂੰ ਘੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਮਾਤਾ ਜੀ ਵੱਲੋਂ ਨਿਡਰਤਾ ਨਾਲ ਦਿੱਤੇ ਜਵਾਬਾਂ ਨੂੰ ਵੀ ਯਾਦ ਕੀਤਾ।

ਹਵਾਰਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮਾਤਾ ਚਰਨ ਕੌਰ ਦੀ ਅੰਤਿਮ ਅਰਦਾਸ ਮੌਕੇ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਹਨ ਅਤੇ ਉਹ ਖੁਦ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੋਂ ਇਹ ਸੰਦੇਸ਼ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅਤੇ ਕੈਦਾਂ ਸਿੱਖ ਇਤਿਹਾਸ ਦਾ ਹਿੱਸਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਮੁਸ਼ਕਲ ਹਾਲਾਤਾਂ ਵਿੱਚ ਅਡੋਲ ਰਹਿਣ ਅਤੇ ਜ਼ੁਲਮ ਵਿਰੁੱਧ ਖੜ੍ਹੇ ਹੋਣ ਦੀ ਸਿੱਖਿਆ ਮਿਲਦੀ ਹੈ।

ਉਨ੍ਹਾਂ ਅੰਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਮੈਂਬਰ ਚੁਣੇ ਜਾਣ ਦੇ ਬਾਵਜੂਦ ਸੰਸਦ ਵਿੱਚ ਆਪਣੀ ਗੱਲ ਨਾ ਰੱਖ ਸਕਣ ਦਾ ਮੁੱਦਾ ਵੀ ਚੁੱਕਿਆ। ਹਵਾਰਾ ਨੇ ਕਿਹਾ ਕਿ ਸਿੱਖਾਂ ਨਾਲ ਹੋ ਰਹੇ ਇਸ ਤਰ੍ਹਾਂ ਦੇ ਵਰਤਾਅ ਨੂੰ ਇਤਿਹਾਸ ਵਿੱਚ ਦਰਜ ਕੀਤਾ ਜਾ ਰਿਹਾ ਹੈ।

ਸਿੱਖ ਕੌਮ ਦੀ ਏਕਤਾ ’ਤੇ ਜ਼ੋਰ ਦਿੰਦਿਆਂ ਹਵਾਰਾ ਨੇ ਕਿਹਾ ਕਿ ਵਿਚਾਰਾਂ ਦੇ ਮਤਭੇਦਾਂ ਕਾਰਨ ਉਨ੍ਹਾਂ ਲੋਕਾਂ ਵਿੱਚ ਵੰਡ ਨਹੀਂ ਪੈਣੀ ਚਾਹੀਦੀ, ਜਿਨ੍ਹਾਂ ਦਾ ਗੁਰੂ ਸਾਂਝਾ ਹੈ ਅਤੇ ਜਿਨ੍ਹਾਂ ਦਾ ਇਤਿਹਾਸਕ ਦਰਦ ਵੀ ਸਾਂਝਾ ਹੈ। ਉਨ੍ਹਾਂ ਖਾਸ ਤੌਰ ’ਤੇ 1984 ਤੋਂ ਬਾਅਦ ਦੇ ਦੁਖਦਾਈ ਇਤਿਹਾਸ ਦਾ ਜ਼ਿਕਰ ਕਰਦਿਆਂ ਸਿੱਖਾਂ ਨੂੰ ਅੰਦਰੂਨੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ।

ਆਪਣੇ ਸੰਦੇਸ਼ ਦੇ ਅੰਤ ਵਿੱਚ ਜਗਤਾਰ ਸਿੰਘ ਹਵਾਰਾ ਨੇ ਮਾਤਾ ਚਰਨ ਕੌਰ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਅਤੇ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਮਜ਼ਬੂਤੀ ਲਈ ਅਰਦਾਸ ਕੀਤੀ। ਇਹ ਸੰਦੇਸ਼ ਉਨ੍ਹਾਂ ਵੱਲੋਂ ਸੇਵਕ ਗੁਰੂ ਪੰਥ ਵਜੋਂ ਦਸਤਖ਼ਤ ਕਰਕੇ ਮੰਡੋਲੀ ਜੇਲ੍ਹ, ਨਵੀਂ ਦਿੱਲੀ ਦੇ ਪਤੇ ਤੋਂ ਭੇਜਿਆ ਗਿਆ।

By Gurpreet Singh

Leave a Reply

Your email address will not be published. Required fields are marked *