ਜਲੰਧਰ – ਦੇਸ਼ਭਰ ਵਿਚ ਅੱਜ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਵੀ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਸ਼੍ਰੀ ਰਾਮ ਚੌਂਕ ਤੋਂ ਅੱਜ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।

ਉਥੇ ਹੀ ਜਲੰਧਰ ਪ੍ਰਸ਼ਾਸਨ ਵੱਲੋਂ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੇ ਸਬੰਧ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ ‘ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਮੌਕੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਆਗੂ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਮੋਹਿੰਦਰ ਭਗਤ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਮੰਤਰੀ ਅਮਨ ਅਰੋੜਾ, ਮੰਤਰੀ ਲਾਲ ਚੰਦ ਕਟਾਰੂਚੱਕ, ਅੰਮ੍ਰਿਤਾ ਰਾਜਾ ਵੜਿੰਗ, ਪਵਨ ਟੀਨੂ, ਮੇਅਰ ਵਿਨੀਤ ਧੀਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਸਮੇਤ ਆਦਿ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਨੇ ਜਿੱਥੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੂਰਨਿਆਂ ‘ਤੇ ਚੱਲਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਰਾਮਨੌਮੀ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਪਾਏ ਗਏ ਹਨ। ਇਸ ਦੇ ਬਾਅਦ ਦੁਪਹਿਰ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚੌਂਕ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਜਨ-ਜਾਗ੍ਰਿਤੀ ਮੰਚ ਦੇ ਸੈਂਕੜੇ ਵਰਕਰ ਸ਼ਾਮਲ ਹੋਏ।



