ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਜਿੱਥੇ ਲੋਕ ਭਾਰੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ, ਓਥੇ ਪੰਜਾਬੀ ਗਾਇਕ ਜਸਬੀਰ ਜੱਸੀ ਵੱਡੇ ਪੱਧਰ ’ਤੇ ਸਹਾਇਤਾ ਪਹੁੰਚਾਉਣ ਵਿੱਚ ਜੁਟੇ ਹੋਏ ਹਨ। ਜੱਸੀ ਪੂਰੀ ਤਰ੍ਹਾਂ ਇੱਕ ਯੋਜਨਾਬੱਧ ਅਤੇ ਸੁਚਾਰੂ ਤਰੀਕੇ ਨਾਲ ਸੇਵਾ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਹਰ ਅਪਡੇਟ ਲੋਕਾਂ ਤੱਕ ਪਹੁੰਚਾ ਰਹੇ ਹਨ।
ਮੈਡੀਕਲ ਟੀਮਾਂ ਤੇ ਵਲੰਟੀਅਰ ਤਾਇਨਾਤ, ਹੇਲਪਲਾਈਨ ਵੀ ਜਾਰੀ
ਜਸਬੀਰ ਜੱਸੀ ਨੇ ਆਪਣੇ ਪੱਧਰ ’ਤੇ ਵੱਖ-ਵੱਖ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾਏ ਹਨ। AIMS ਦੇ ਡਾਕਟਰਾਂ ਅਤੇ ਵੈਟਰਨਰੀ ਡਾਕਟਰਾਂ ਦੀ ਸਹਾਇਤਾ ਨਾਲ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਹੜ੍ਹ ਪੀੜਤਾਂ ਦੀ ਮਦਦ ਲਈ ਵਲੰਟੀਅਰਾਂ ਦੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਹੇਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।
ਰਾਜਨੀਤਿਕ ਲੀਡਰਾਂ ਨੂੰ ਦੌਰੇ ਰੋਕਣ ਦੀ ਅਪੀਲ
ਜੱਸੀ ਨੇ ਰਾਜਨੀਤਿਕ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਹੜ੍ਹ ਪੀੜਤ ਪਿੰਡਾਂ ਦੇ ਦੌਰੇ ਤੋਂ ਪਰਹੇਜ਼ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ ਲੀਡਰਾਂ ਦੀ ਸਕਿਉਰਿਟੀ ਕਾਰਨ ਰਸਤੇ ਅਤੇ ਸੜਕਾਂ ਬੰਦ ਹੋ ਜਾਂਦੀਆਂ ਹਨ, ਜਿਸ ਨਾਲ ਮਦਦ ਵਾਲੇ ਵਾਹਨ ਅਤੇ ਕਿਸ਼ਤੀਆਂ ਰੁਕ ਜਾਂਦੀਆਂ ਹਨ। ਇਸ ਕਾਰਨ ਸਹਾਇਤਾ ਸਮੇਂ ਸਿਰ ਪੀੜਤ ਲੋਕਾਂ ਤੱਕ ਨਹੀਂ ਪਹੁੰਚਦੀ।
ਸਰਕਾਰ ਵੱਲੋਂ ਕੋਈ ਸੁਚਾਰੂ ਯੋਜਨਾ ਸਾਹਮਣੇ ਨਹੀਂ
ਜਿੱਥੇ ਜਸਬੀਰ ਜੱਸੀ ਆਪਣੇ ਪੱਧਰ ’ਤੇ ਹਰੇਕ ਸੰਭਵ ਕਦਮ ਚੁੱਕ ਰਹੇ ਹਨ, ਉੱਥੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਹੜ੍ਹ ਰਾਹਤ ਲਈ ਕੋਈ ਸਿਸਟਮੈਟਿਕ ਪਲਾਨ ਤਿਆਰ ਨਹੀਂ ਕੀਤਾ ਗਿਆ। ਇਸ ਨਾਲ ਹੜ੍ਹ ਪੀੜਤਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ ਅਤੇ ਲੋਕ ਸਰਕਾਰੀ ਪ੍ਰਬੰਧਾਂ ’ਤੇ ਸਵਾਲ ਉਠਾ ਰਹੇ ਹਨ।
