ਨਿਊਯਾਰਕ (ਨੈਸ਼ਨਲ ਟਾਈਮਜ਼): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਨੂੰ ਪ੍ਰੋਸਟੇਟ ਕੈਂਸਰ ਹੋਣ ਦਾ ਪਤਾ ਲੱਗਿਆ ਹੈ। ਐਤਵਾਰ ਨੂੰ ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਬਿਡੇਨ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦਾ ਪਰਿਵਾਰ ਇਲਾਜ ਦੇ ਵਿਕਲਪਾਂ ’ਤੇ ਵਿਚਾਰ ਕਰ ਰਿਹਾ ਹੈ। ਬਿਆਨ ਅਨੁਸਾਰ, ਬਿਡੇਨ ਦੀ ਸਿਹਤ ਸਬੰਧੀ ਅਗਲੀ ਅਪਡੇਟ ਜਲਦ ਸਾਂਝੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬਿਡੇਨ ਦਾ ਦੋ ਸਾਲ ਪਹਿਲਾਂ ਚਮੜੀ ਦੇ ਕੈਂਸਰ ਦਾ ਵੀ ਇਲਾਜ ਹੋਇਆ ਸੀ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁੱਖ ਜ਼ਾਹਰ ਕੀਤਾ। ਟਰੰਪ ਨੇ ਕਿਹਾ, “ਜੋਅ ਬਿਡੇਨ ਨੂੰ ਕੈਂਸਰ ਹੋਣ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮੈਂ ਅਤੇ ਮੇਰੀ ਪਤਨੀ ਮੇਲਾਨੀਆ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।”
ਲੌਰਾ ਲੂਮਰ ਦੀ ਪੋਸਟ ਨਾਲ ਵਿਵਾਦ
ਇਸ ਦੌਰਾਨ, ਜੋਅ ਬਿਡੇਨ ਦੀ ਸਿਹਤ ਨੂੰ ਲੈ ਕੇ ਇੱਕ ਵਿਵਾਦਤ ਐਕਸ ਪੋਸਟ ਸਾਹਮਣੇ ਆਈ ਹੈ, ਜੋ ਉਨ੍ਹਾਂ ਦੀ ਸਹਾਇਕ ਲੌਰਾ ਲੂਮਰ ਵੱਲੋਂ ਕੀਤੀ ਗਈ। ਪੋਸਟ ਵਿੱਚ ਲੂਮਰ ਨੇ ਦਾਅਵਾ ਕੀਤਾ ਹੈ ਕਿ ਜੋਅ ਬਿਡੇਨ ਅਗਲੇ ਦੋ ਮਹੀਨਿਆਂ ਵਿੱਚ ਮਰ ਸਕਦੇ ਹਨ। ਉਨ੍ਹਾਂ ਨੇ ਲਿਖਿਆ, “ਟਰਮੀਨਲ ਸਟੇਜ ਲਈ 6 ਮਹੀਨਿਆਂ ਤੋਂ ਇੱਕ ਸਾਲ ਦਾ ਸਮਾਂ ਹੈ। ਮੈਨੂੰ ਸ਼ੱਕ ਹੈ ਕਿ ਬਿਡੇਨ ਦਾ ਇਲਾਜ ਹੁਣ ਕੰਮ ਨਹੀਂ ਕਰ ਰਿਹਾ।” ਇਸ ਪੋਸਟ ਨੇ ਸਿਆਸੀ ਅਤੇ ਸੋਸ਼ਲ ਮੀਡੀਆ ’ਤੇ ਹਲਚਲ ਪੈਦਾ ਕਰ ਦਿੱਤੀ ਹੈ।
ਬਿਡੇਨ ਦੇ ਦਫਤਰ ਨੇ ਅਜੇ ਤੱਕ ਲੂਮਰ ਦੇ ਇਸ ਦਾਅਵੇ ’ਤੇ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ। ਸਿਹਤ ਮਾਹਿਰਾਂ ਅਤੇ ਸਿਆਸੀ ਵਿਸ਼ਲੇਸ਼ਕਾਂ ਨੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਅਧਿਕਾਰਤ ਸੂਚਨਾਵਾਂ ਦੀ ਉਡੀਕ ਕਰਨ ਦੀ ਅਪੀਲ ਕੀਤੀ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਹੈ ਪ੍ਰੋਸਟੇਟ ਕੈਂਸਰ, ਵਿਵਾਦਤ ਦਾਅਵੇ ਵੀ ਆਏ ਸਾਹਮਣੇ
