ਗੁਰਪ੍ਰੀਤ ਸਿੰਘ :- ਨਸ਼ੇ ਪੱਖੋਂ ਹੋਟ ਸਪੋਟ ਮੰਨੇ ਜਾਂਦੇ ਬਠਿੰਡਾ ਦੇ ਬੀੜ ਤਲਾਬ ਬਸਤੀ ਇਲਾਕੇ ਵਿੱਚ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਨਜਾਇਜ਼ ਦੇਸੀ ਸ਼ਰਾਬ ਬਣਾਉਣ ਵਾਲੇ ਇੱਕ ਵੱਡੇ ਜੰਗੀਰੇ ਦਾ ਪਰਦਾਫਾਸ਼ ਕੀਤਾ ਹੈ।
ਜਾਣਕਾਰੀ ਮੁਤਾਬਕ ਖੇਤਾਂ ਵਿੱਚ ਬਣੇ ਇੱਕ ਪਿਗਰੀ ਫਾਰਮ ਵਿੱਚ ਗੁਪਤ ਤੌਰ ‘ਤੇ ਦੇਸੀ ਸ਼ਰਾਬ ਬਣਾਈ ਜਾ ਰਹੀ ਸੀ। ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਰੇਡ ਦੌਰਾਨ ਉੱਥੇ ਸ਼ਰਾਬ ਬਣਾਉਣ ਲਈ ਲੱਗੀ ਭੱਠੀ ਅਤੇ ਵੱਡੀ ਮਾਤਰਾ ਵਿੱਚ ਸਮਾਨ ਬਰਾਮਦ ਕੀਤਾ ਗਿਆ। ਮੌਕੇ ਤੋਂ ਲਗਭਗ 100 ਲੀਟਰ ਨਜਾਇਜ਼ ਸ਼ਰਾਬ ਅਤੇ ਕਰੀਬ 100 ਬੋਤਲਾਂ ਤਿਆਰ ਸ਼ਰਾਬ ਵੀ ਕਬਜ਼ੇ ਵਿੱਚ ਲਈ ਗਈ।
ਪੁਲਿਸ ਅਧਿਕਾਰੀਆਂ ਮੁਤਾਬਕ ਐਕਸਾਈਜ਼ ਵਿਭਾਗ ਵੱਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ। ਰੇਡ ਦੌਰਾਨ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ ਧਰਤੀ ਹੇਠਾਂ ਦੱਬਿਆ ਹੋਇਆ ਮਿਲਿਆ, ਜਿਸ ਨੂੰ ਸਥਾਨਕ ਭਾਸ਼ਾ ਵਿੱਚ ਦੇਸੀ ਲਾਹਣ ਕਿਹਾ ਜਾਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਇਲਾਕਾ ਸੁੰਨਾ ਹੋਣ ਕਾਰਨ ਇੱਥੇ ਨਜਾਇਜ਼ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਸੀ। ਹਾਲਾਂਕਿ ਕਾਰਵਾਈ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਕਿਹਾ ਕਿ ਉਸਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਖੇਤਾਂ ਵਿੱਚ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸਾਂਝੀ ਰੇਡ ਕਰਕੇ ਇਸ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਗਿਆ।
ਇਲਾਕੇ ਦੇ ਨੰਬਰਦਾਰ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਕਚਹਿਰੀਆਂ ਵਿੱਚ ਟਾਈਪਿਸਟ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਪੰਚਾਇਤ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇੱਥੇ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਪਹਿਲਾਂ ਵੀ ਪੰਜਾਬ ਵਿੱਚ ਨਜਾਇਜ਼ ਸ਼ਰਾਬ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਕਾਰਨ ਇਸ ਤਰ੍ਹਾਂ ਦੇ ਗੈਰਕਾਨੂੰਨੀ ਧੰਦੇ ਨੂੰ ਰੋਕਣ ਲਈ ਸਖ਼ਤ ਕਾਰਵਾਈ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
