ਖੰਨਾ: ਪੁਲਸ ਮੁਲਾਜ਼ਮ ਦੀ ਭੈਣ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਨਾਨਕਾ ਪਰਿਵਾਰ ਵੱਲੋਂ ਕਤਲ ਦੇ ਦੋਸ਼

ਖੰਨਾ – ਖੰਨਾ ਵਿੱਚ ਐੱਸ.ਐੱਸ.ਪੀ. ਦਫ਼ਤਰ ਵਿਖੇ ਤਾਇਨਾਤ ਇੱਕ ਪੁਲਸ ਮੁਲਾਜ਼ਮ ਦੀ ਭੈਣ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਤੋਂ ਬਾਅਦ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣ ਗਈ। ਇੱਕ ਪਾਸੇ ਪੁਲਸ ਮੁਲਾਜ਼ਮ ਇਸ ਮੌਤ ਨੂੰ ਖੁਦਕੁਸ਼ੀ ਕਰਾਰ ਦੇ ਰਿਹਾ ਹੈ, ਜਦਕਿ ਦੂਜੇ ਪਾਸੇ ਮ੍ਰਿਤਕਾ ਦਾ ਨਾਨਕਾ ਪਰਿਵਾਰ ਇਸ ਨੂੰ ਕਤਲ ਦੱਸ ਕੇ ਗੰਭੀਰ ਦੋਸ਼ ਲਗਾ ਰਿਹਾ ਹੈ। ਮਾਮਲਾ ਗੰਭੀਰ ਹੋਣ ਕਾਰਨ ਪੁਲਸ ਨੇ ਤੁਰੰਤ ਹਾਲਾਤਾਂ ‘ਤੇ ਕਾਬੂ ਪਾਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ 28 ਸਾਲਾ ਕਾਜਲ, ਜੋ ਕਿ ਗੁਰੂ ਹਰਿਕ੍ਰਿਸ਼ਨ ਨਗਰ ਖੰਨਾ ਦੀ ਰਹਿਣ ਵਾਲੀ ਸੀ, ਦੀ ਵੀਰਵਾਰ ਨੂੰ ਅਚਾਨਕ ਮੌਤ ਹੋ ਗਈ। ਮੌਤ ਤੋਂ ਬਾਅਦ ਜਦੋਂ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ, ਤਾਂ ਇਸ ਦੌਰਾਨ ਕਾਜਲ ਦਾ ਨਾਨਕਾ ਪਰਿਵਾਰ ਮੌਕੇ ‘ਤੇ ਪਹੁੰਚ ਗਿਆ। ਉਨ੍ਹਾਂ ਨੇ ਲਾਸ਼ ਦੇ ਗਲੇ ‘ਤੇ ਨਿਸ਼ਾਨ ਵੇਖੇ, ਜਿਸ ਕਾਰਨ ਉਨ੍ਹਾਂ ਦਾ ਸ਼ੱਕ ਹੋਰ ਵਧ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਮਾਹੌਲ ਤਣਾਅਪੂਰਨ ਬਣ ਗਿਆ। ਹਾਲਾਤ ਨੂੰ ਸੰਭਾਲਣ ਲਈ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਭੇਜ ਦਿੱਤਾ। ਕਿਉਂਕਿ ਪੁਲਸ ਮੁਲਾਜ਼ਮ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਇਸ ਲਈ ਕਾਨੂੰਨ ਅਨੁਸਾਰ ਭਰਾ ਹੀ ਮ੍ਰਿਤਕਾ ਦਾ ਪਹਿਲਾ ਵਾਰਸ ਬਣਦਾ ਹੈ। ਕਿਉਂਕਿ ਕਾਜਲ ਰਹਿੰਦੀ ਵੀ ਆਪਣੇ ਭਰਾ ਦੇ ਪਰਿਵਾਰ ਨਾਲ ਹੀ ਸੀ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ਦਰਜ ਕਰਕੇ ਬੀ.ਐਨ.ਐੱਸ.ਐੱਸ. ਦੀ ਧਾਰਾ 194 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ।

ਪਰ ਸ਼ੁੱਕਰਵਾਰ ਨੂੰ ਮ੍ਰਿਤਕਾ ਦਾ ਨਾਨਕਾ ਪਰਿਵਾਰ ਮੁੜ ਸਰਕਾਰੀ ਹਸਪਤਾਲ ਪਹੁੰਚਿਆ ਅਤੇ ਪੁਲਸ ਦੀ ਕਾਰਵਾਈ ‘ਤੇ ਅਸੰਤੋਸ਼ ਜਤਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਤੀ ਨੂੰ ਸੰਭਾਲਣ ਲਈ ਡੀ.ਐਸ.ਪੀ .ਵਿਨੋਦ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਾਂਚ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ।

ਮ੍ਰਿਤਕਾ ਦੇ ਨਾਨਕਾ ਪਰਿਵਾਰ ਦਾ ਦੋਸ਼ ਹੈ ਕਿ ਕਾਜਲ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ ਅਤੇ ਕਾਜਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ। ਇਸ ਤੋਂ ਇਲਾਵਾ ਬਿਨਾਂ ਸੂਚਿਤ ਕੀਤੇ ਅੰਤਿਮ ਸੰਸਕਾਰ ਦੀ ਜਲਦਬਾਜ਼ੀ ਵਿੱਚ ਕੀਤੀ ਜਾ ਰਹੀ ਤਿਆਰੀ ਨੇ ਵੀ ਉਨ੍ਹਾਂ ਦੇ ਸ਼ੱਕ ਨੂੰ ਹੋਰ ਵਧਾ ਦਿੱਤਾ।

ਡੀ.ਐਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਸਾਰੇ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮੁੱਢਲੀ ਜਾਂਚ ਅਨੁਸਾਰ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਹੈ, ਪਰ ਤੱਥਾਂ ਦੀ ਬਾਰੀਕੀ ਨਾਲ ਜਾਂਚ ਲਈ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ, ਤਾਂ ਜੋ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਹੋ ਸਕੇ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *