ਪੱਤਰਕਾਰਾਂ ਦੇ ਚੰਡੀਗ੍ਹੜ ਧਰਨੇ ਵਿੱਚ ਜਥੇਬੰਦੀ ਹੋਵੇਗੀ ਸ਼ਾਮਿਲ
ਮਜਦੂਰ ਆਗੂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰੇ ਪੰਜਾਬ ਸਰਕਾਰ
ਹੜ੍ਹਾਂ ਦੇ ਮੁਆਵਜੇ ਸਬੰਧੀ ਹਰੀਕੇ ਹੈੱਡ ਤੇ ਲੱਗੇ ਮੋਰਚੇ ਦਾ ਸਮਰਥਨ
ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਮੁੱਖ ਦਫ਼ਤਰ ਦੇ ਅੰਗਰੇਜ਼ ਸਿੰਘ ਬਾਕੀਪੁਰ ਹਾਲ ਵਿੱਚ ਕੀਤੀ ਗਈ। ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਵੇਂ ਕੇਂਦਰ ਸਰਕਾਰ ਲਗਾਤਾਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੇ ਤਾਨਾਸ਼ਾਹੀ ਤੇ ਫਾਸ਼ੀਵਾਦੀ ਫੈਸਲੇ ਲੈ ਰਹੀ ਹੈ ਅਤੇ ਅਜਿਹੇ ਵਿੱਚ ਬਿਜਲੀ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਪੱਬਾਂ ਭਾਰ ਹੋਈ ਹੈ ਅਤੇ ਅਗਾਮੀ ਬਜ਼ਟ ਸੈਸ਼ਨ ਵਿੱਚ ਬਿਜਲੀ ਸੋਧ ਬਿੱਲ ਪੇਸ਼ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਮੁੱਦੇ ਤੇ ਕੇ.ਐੱਮ. ਐੱਮ. ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਹੈ ਅਤੇ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਤੋਂ ਸ਼ੁਰੂ ਕਰਕੇ, ਦੂਜੇ ਗੇੜ ਵਿੱਚ 2 ਘੰਟੇ ਦਾ ਰੇਲ ਰੋਕੋ ਮੋਰਚਾ ਅਤੇ ਤੀਜੇ ਗੇੜ ਵਿੱਚ ਪ੍ਰੀਪੇਡ ਮੀਟਰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਵਾਏ ਗਏ ਹਨ।
ਉਹਨਾ ਕਿਹਾ ਕਿ ਅਗਰ ਇਸ ਬਿੱਲ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਮੋਰਚੇ ਦੀ ਮੀਟਿੰਗ ਸ਼ਖਤ ਪ੍ਰੋਗਰਾਮ ਉਲੀਕਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਵੇਂ ਪਿਛਲੇ ਦਿਨੀ ਆਜ਼ਾਦਾਨਾ ਪੱਤਰਕਾਰ ਕਰਨ ਵਾਲੇ ਪੱਤਰਕਾਰਾਂ ਤੇ ਰੰਜਿਸ਼ ਤਹਿਤ ਪਰਚੇ ਦਰਜ ਕੀਤੇ ਗਏ ਹਨ ਜਥੇਬੰਦੀ ਇਸ ਕੰਮ ਗੱਲ ਦੀ ਨਿਖੇਦੀ ਕਰਦੀ ਹੈ ਅਤੇ ਚਾਰ ਦਸੰਬਰ ਨੂੰ ਚੰਡੀਗੜ੍ਹ ਦੇ 17 ਸੈਕਟਰ ਵਿੱਚ ਰੱਖੇ ਗਏ ਧਰਨੇ ਵਿੱਚ ਸ਼ਮੂਲੀਅਤ ਕਰਨ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਜਿਹੀਆਂ ਕਾਰਵਾਈਆਂ ਕਰਨੀਆਂ ਬੰਦ ਕਰੇ। ਉਹਨਾਂ ਕਿਹਾ ਕਿ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ 10 ਸਾਲ ਪੁਰਾਣੇ ਕੇਸ ਵਿੱਚ ਬਹਾਨੇ ਨਾਲ ਗ੍ਰਫਤਾਰ ਕਰਨਾ ਪੰਜਾਬ ਸਰਕਾਰ ਦਾ ਘਟੀਆ ਕਾਰਨਾਮਾ ਹੈ ਜਥੇਬੰਦੀ ਮੰਗ ਕਰਦੀ ਹੈ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਉਹਨਾਂ ਜਾਣਕਾਰੀ ਦਿੱਤੀ ਗਈ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 7 ਜਨਵਰੀ ਨੂੰ ਕੌਮੇ ਇਨਸਾਫ ਮੋਰਚਾ ਚੰਡੀਗੜ੍ਹ ਵਿੱਚ ਜਥੇਬੰਦੀ ਵੱਲੋਂ ਭਰਵੇਂ ਜਥੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਹੜਾਂ ਦੇ ਮੁਆਵਜੇ ਦੀ ਪ੍ਰਾਪਤੀ ਲਈ ਹਰੀਕੇ ਹੈਡ ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਮੋਰਚੇ ਦੀ ਜਥੇਬੰਦੀ ਵੱਲੋਂ ਹਿਮਾਇਤ ਕੀਤੀ ਗਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ 7 ਜਨਵਰੀ ਨੂੰ ਪੰਜਾਬ ਸਰਕਾਰ ਨਾਲ ਹੋਣ ਜਾ ਰਹੀ ਮੀਟਿੰਗ ਵਿੱਚ 18,19 ਦਸੰਬਰ ਦੇ ਡੀਸੀ ਦਫਤਰ ਮੋਰਚਿਆਂ ਦੇ ਮੰਗ ਪੱਤਰ ਵਿਚਲੀਆਂ ਸਾਰੀਆਂ ਮੰਗਾਂ ਅਤੇ ਖਾਸ ਤੌਰ ਤੇ ਸ਼ੰਭੂ ਖਨੌਰੀ ਮੋਰਚੇ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਭਾਈ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਵੱਖ ਵੱਖ ਬਿੱਲਾਂ ਖਿਲਾਫ ਪੰਜਾਬ ਸਰਕਾਰ ਦੇ ਸਟੈਂਡ ਬਾਰੇ ਅਤੇ ਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕਰਮੁਕਤ ਸਮਝੌਤਿਆਂ ਬਾਰੇ ਚਰਚਾ ਕੀਤੀ ਜਾਵੇਗੀ।
ਉਹਨਾਂ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਵਿੱਚ ਇੱਕ ਵਾਰ ਫਿਰ ਤੋਂ ਕੇਐਮਐਮ ਵਿੱਚ ਮੀਟਿੰਗ ਲਗਾ ਕੇ ਪ੍ਰੀਪੇਡ ਮੀਟਰ ਉਤਾਰ ਕੇ ਜਮਾ ਕਰਵਾਉਣ ਦੀ ਅਗਲੀ ਤਰੀਕ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਪੰਨੂ, ਸੁਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਗੁਰਬਚਨ ਸਿੰਘ ਚੱਬਾ, ਸਤਨਾਮ ਸਿੰਘ ਮਾਣੋਚਾਹਲ, ਗੁਰਲਾਲ ਸਿੰਘ ਪੰਡੋਰੀ, ਹਰਜਿੰਦਰ ਸਿੰਘ ਸ਼ਕਰੀ,ਜਸਬੀਰ ਸਿੰਘ ਪਿੱਦੀ, ਪਰਮਜੀਤ ਸਿੰਘ ਭੁੱਲਾ, ਸਲਵਿੰਦਰ ਸਿੰਘ ਜਾਣੀਆ ਹਾਜ਼ਿਰ ਰਹੇ।
