ਜਾਣੋ ਕਿਵੇਂ ਹੋਈ ਅਲਬਰਟਾ ਸਿੱਖ ਖੇਡਾਂ ਦੀ ਸ਼ੁਰੂਆਤ

ਕੈਲਗਰੀ- ਕੈਨੇੇਡਾ ਦੇ ਕੈਲਗਰੀ ਵਿਚ ਬੀਤੇ ਦਿਨੀਂ ਅਲਬਰਟਾ ਸਿੱਖ ਖੇਡਾਂ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਜਗ ਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਇਨ੍ਹਾਂ ਖੇਡਾਂ ਨੂੰ ਸ਼ੁਰੂ ਕਰਨ ਦੇ ਪਲਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਸਿੱਖ ਖੇਡਾਂ ਤਿੰਨ ਦਿਨ ਮਤਲਬ 18, 19 ਅਤੇ 20 ਅਪ੍ਰੈਲ ਤੱਕ ਕਰਾਈਆਂ ਗਈਆਂ। ਚੇਅਰਮੈਨ ਗੁਰਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਸਭ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਆਯੋਜਨ ਕੀਤਾ ਗਿਆ ਅਤੇ ਫਿਰ ਨਿਊਜ਼ੀਲੈਂਡ ਵਿਚ ਵੀ ਸਿੱਖ ਖੇਡਾਂ ਦਾ ਆਯੋਜਨ ਜਾ ਰਿਹਾ ਹੈ ਤਾਂ ਇਸ ਵੱਲ ਵੇਖ ਕੇ ਸਾਡੇ ਮਨ ਵਿਚ ਵੀ ਵਿਚਾਰ ਆਇਆ ਕਿ ਅਸੀਂ ਵੀ ਬੱਚਿਆਂ ਦੀਆਂ ਖੇਡਾਂ ਲਈ ਕੋਈ ਨਾ ਕੋਈ ਉਪਰਾਲਾ ਕਰੀਏ। ਖਾਸ ਤੌਰ ‘ਤੇ ਸਿੱਖ ਖੇਡਾਂ ਦਾ ਆਯੋਜਨ ਕਰੀਏ ਤਾਂ ਜੋ ਬੱਚਿਆਂ ਨੂੰ ਇਕ ਪਲੇਟਫਾਰਮ ਦਈਏ। 

ਇਸ ਮਗਰੋਂ ਗੁਰਦੁਆਰਾ ਦਸ਼ਮੇਸ਼ ਕਲਚਰ ਸੰਸਥਾ ਦੀ ਸਮੁੱਚੀ ਕਮੇਟੀ ਦੇ ਮੈਂਬਰਾਂ ਨੇ ਬੈਠ ਕੇ ਸਲਾਹ ਕੀਤੀ ਕਿ ਆਪਾਂ ਵੀ ਖੇਡਾਂ ਦਾ ਆਗਾਜ਼ ਕਰੀਏ। ਸਭ ਤੋਂ ਪਹਿਲਾਂ ਸੰਗਤ ਦੀ ਪ੍ਰਵਾਨਗੀ ਲਈ ਗਈ। 24 ਦਸੰਬਰ, 2024 ਨੂੰ ਗੁਰਦੁਆਰਾ ਸਾਹਿਬ ਵਿਚ ਇਜਲਾਸ ਕਰਾਇਆ ਗਿਆ ਜਿਸ ਵਿਚ ਸਾਰੀ ਸੰਗਤ ਨੇ ਇਸ ਕੰਮ ਦੀ ਮਨਜ਼ੂਰੀ ਦਿੱਤੀ। ਸਾਰੀ ਸੰਗਤ ਨੇ ਹੱਥ ਖੜ੍ਹੇ ਕਰ ਕੇ ਖੇਡਾਂ ਲਈ ਪ੍ਰਵਾਨਗੀ ਦਿੱਤੀ। ਪੂਰੀ ਤਿਆਰੀ ਕਰਨ ਮਗਰੋਂ ਲਗਭਗ ਇਕ ਸਾਲ ਬਾਅਦ ਇਨ੍ਹਾਂ ਸਿੱਖ ਖੇਡਾਂ ਦਾ ਆਯੋਜਨ ਕੀਤਾ ਗਿਆ। 

ਇਨ੍ਹਾਂ ਖੇਡਾਂ ਨੂੰ ਟੈਕਨੀਕਲੀ ਕਿਵੇਂ ਹੈਂਡਲ ਕੀਤਾ ਜਾਵੇਗਾ 

ਉਕਤ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਹੜੀ ਸਾਡੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਹੈ ਉਸ ਦਾ ਕੰਮ ਸਿਰਫ ਸਾਧਨ ਉਪਲਬਧ ਕਰਾਉਣਾ ਹੈ। ਉਹ ਸਿਰਫ ਆਰਗੇਨਾਈਜਿੰਗ ਕਮੇਟੀ ਹੈ ਟੈਕਨੀਕਲ ਟੀਮ ਨਹੀੰ ਹੈ। ਇਸ ਲਈ ਬਾਕੀ ਗੇਮਾਂ ਦੀਆਂ ਸਬ ਕਮੇਟੀਆਂ ਬਣਾਈਆਂ ਗਈਆਂ ਹਨ। ਉਦਾਹਰਣ ਵਜੋਂ ਜਿਵੇਂ ਕੈਲਗਰੀ ਵਿਚ ਲੋਕਲ ਫੀਲਡ ਹਾਕੀ ਦੇ ਪੰਜ ਕਲੱਬ ਹਨ। ਪੰਜੇ ਕੱਲਬਾਂ ਵਿਚੋਂ ਇਕ-ਇਕ ਮੈਂਬਰ ਲੈ ਕੇ ਪੰਜ ਮੈਂਬਰੀ ਕਮੇਟੀ ਬਣੀ ਦਿੱਤੀ ਗਈ ਹੈ। ਉਹੀ ਸਾਰੇ ਫ਼ੈਸਲੇ ਕਰੇਗੀ।

ਕਿੰਨੀਆਂ ਖੇਡਾਂ ਹੋ ਰਹੀਆਂ, ਕਿੰਨੇ ਖਿਡਾਰੀ ਭਾਗ ਲੈ ਰਹੇ

ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ੁਰੂਆਤ ਵਿਚ 8 ਕੈਟੇਗਰੀ ਦੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਓਲੰਪਿਕ ਖੇਡਾਂ ਵਾਂਗ ਇਸ ਵਿਚ ਫੀਲਡ ਹਾਕੀ, ਸੋਕਰ, ਬਾਸਕਟ ਬਾਲ, ਵਾਲੀਬਾਲ, ਬੈਡਮਿੰਟਨ, ਗਤਕਾ, ਰਸਾ ਕੱਸੀ, ਅਥਲੈਟਿਕਸ ਦੀਆਂ 100 ਮੀਟਰ, 200 ਮੀਟਰ ਦੀਆਂ ਵੱਖ-ਵੱਖ ਕੈਟੇਗਰੀ ਸ਼ਾਮਲ ਕੀਤੀਆਂ ਗਈਆਂ ਹਨ। 800 ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਾਈ ਹੈ। ਅਲਬਰਟਾ ਇਕ ਸੂਬਾ ਹੈ ਇਸ ਲਈ ਐਡਮਿੰਟਨ, ਰੇਡੀਅਰ, ਕੈਲਗਰੀ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਖਿਡਾਰੀ ਪਹੁੰਚੇ ਹਨ।

By Rajeev Sharma

Leave a Reply

Your email address will not be published. Required fields are marked *