ਜਲੰਧਰ- ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਤੋਂ ਤਬਦੀਲੀ ਵੇਖਣ ਨੂੰ ਮਿਲੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਕਦਮ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਅਤੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਪੰਜਾਬ ਦੇ ਮੋਹਾਲੀ, ਜ਼ੀਰਕਪੁਰ, ਰਾਜਪੁਰਾ, ਪਟਿਆਲਾ ਸਣੇ ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਪਈ।
ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ‘ਚ ਮੌਸਮ ਸਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 12 ਅਗਸਤ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਮੋਹਾਲੀ, ਰੂਪਨਗਰ, ਚੰਡੀਗੜ੍ਹ ਵਿਚ ਭਾਰੀ ਮੀਂਹ ਦੇ ਨਾਲ-ਨਾਲ ਬਿਜਲੀ ਚਮਕਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਸ਼ਾਮ ਤੋਂ ਅਗਲੇ 3 ਦਿਨ ਰੁਕ-ਰੁਕ ਕੇ ਬਾਰਿਸ਼ ਹੋ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਮੁਤਾਬਕ 8 ਅਤੇ 9 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀਸ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
ਉਥੇ ਹੀ 10 ਅਤੇ 11 ਅਗਸਤ ਨੂੰ ਸੂਬੇ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਵਿਚ ਭਾਰੀ ਬਾਰਿਸ਼ ਦੱਸੀ ਗਈ ਹੈ, ਇਸ ਦੇ ਨਾਲ ਹੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਰਨਾਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮਾਨਸਾ, ਸੰਗਰੂਰ ਵਿਚ ਵੀ ਬਾਰਿਸ਼ ਹੋਵੇਗੀ। ਇਸ ਤੋਂ ਬਾਅਦ 12 ਅਗਸਤ ਨੂੰ ਪੂਰੇ ਪੰਜਾਬ ਵਿਚ ਭਾਰੀ ਮੀਂਹ ਪਵੇਗਾ ਅਤੇ ਇਹ ਸਿਲਸਲਾ ਅਗਲੇ 3 ਤੋਂ 4 ਦਿਨ ਜਾਰੀ ਰਹਿ ਸਕਦਾ ਹੈ।