ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਵਿੱਚ ਅੱਤਵਾਦੀ ਗਰੁੱਪ ਲਸ਼ਕਰ-ਏ-ਤੈਯਬਾ ਦੇ ਸਭ ਤੋਂ ਵਾਂਟੇਡ ਅੱਤਵਾਦੀ ਅਬੂ ਕਤਾਲ ਸਿੰਘੀ ਦੀ ਹੱਤਿਆ ਕਰ ਦਿੱਤੀ ਗਈ ਹੈ। ਸ਼ਨੀਵਾਰ ਰਾਤ ਲਗਭਗ 8 ਵਜੇ ਅਣਪਛਾਤੇ ਹਮਲਾਵਰਾਂ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਬੂ ਕਤਾਲ ਭਾਰਤ ‘ਚ ਵੀ ਕਈ ਵੱਡੇ ਹਮਲਿਆਂ ਵਿੱਚ ਸ਼ਾਮਲ ਰਹਿਆ ਹੈ। NIA ਨੇ ਉਸਨੂੰ ਵਾਂਟੇਡ ਐਲਾਨ ਕੀਤਾ ਹੋਇਆ ਸੀ, ਅਤੇ ਉਹ ਲਸ਼ਕਰ-ਏ-ਤੈਯਬਾ ਦੇ ਮੁਖੀ ਹਾਫਿਜ ਸਈਦ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਸੀ।
9 ਜੂਨ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ‘ਚ ਸ਼ਿਵ ਖੋੜੀ ਮੰਦਰ ਤੋਂ ਵਾਪਸ ਆ ਰਹੇ ਤੀਰਥ ਯਾਤਰੀਆਂ ਦੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਅੱਜ ਤੱਕ ਦੀ ਜਾਂਚ ‘ਚ ਇਹ ਸਾਹਮਣੇ ਆਇਆ ਕਿ ਇਸ ਹਮਲੇ ਦੇ ਪਿੱਛੇ ਅਬੂ ਕਤਾਲ ਦਾ ਹੱਥ ਸੀ। 2023 ਵਿੱਚ ਰਾਜੌਰੀ ‘ਚ ਹੋਏ ਅੱਤਵਾਦੀ ਹਮਲੇ ਲਈ ਵੀ ਉਹੀ ਜ਼ਿੰਮੇਵਾਰ ਸੀ। ਜੰਮੂ-ਕਸ਼ਮੀਰ ਵਿੱਚ ਹੋਈਆਂ ਕਈ ਅੱਤਵਾਦੀ ਘਟਨਾਵਾਂ ਦਾ ਉਸਨੂੰ ਮਾਸਟਰਮਾਈਂਡ ਮੰਨਿਆ ਜਾਂਦਾ ਸੀ।
ਹਾਲੀਆਂ ਘਟਨਾਵਾਂ ਦੌਰਾਨ, ਪਾਕਿਸਤਾਨ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਨਾਲ ਜੁੜੇ ਕਈ ਅੱਤਵਾਦੀ ਮਾਰੇ ਗਏ ਹਨ। ਕੁਝ ਦਿਨ ਪਹਿਲਾਂ ਹੀ ਲਸ਼ਕਰ-ਏ-ਤੈਯਬਾ ਦਾ ਟਾਪ ਕਮਾਂਡਰ ਰਿਆਜ਼ ਅਹਿਮਦ ਉਰਫ਼ ਕਾਸਿਮ ਮਾਰਿਆ ਗਿਆ ਸੀ। ਇਸੇ ਤਰ੍ਹਾਂ, ਬਸ਼ੀਰ ਅਹਿਮਦ ਦੀ ਵੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।
