ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਕਾਰਨੀ ਨਾਲ ਮੁਲਾਕਾਤ ਦੌਰਾਨ ਮੋਦੀ ਨੂੰ ਜੀ-7 ਵਿਚ ਸੱਦਣ ਦੀ ਕੀਤੀ ਨਿੰਦਾ

ਨੈਸ਼ਨਲ ਟਾਈਮਜ਼ ਬਿਊਰੋ :- ਬੀਸੀ ਤੋਂ ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਅਗਲੇ ਹਫ਼ਤੇ ਐਲਬਰਟਾ ਵਿੱਚ ਹੋਣ ਵਾਲੇ ਜੀ-7 ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਫੈਸਲੇ ਵਿਰੁੱਧ ਇਤਰਾਜ਼ ਜਤਾਇਆ।

ਉਸ ਮੀਟਿੰਗ ਤੋਂ ਪਹਿਲਾਂ ਦ ਕੈਨੇਡੀਅਨ ਪ੍ਰੈੱਸ ਨਾਲ ਇਕ ਇੰਟਰਵਿਊ ਦੌਰਾਨ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸੈਂਕੜਿਆਂ ਲੋਕਾਂ ਨਾਲ ਗੱਲ ਕੀਤੀ ਜੋ ਚਾਹੁੰਦੇ ਨਹੀਂ ਕਿ ਮੋਦੀ ਕੈਨੇਡਾ ਆਉਣ, ਅਤੇ ਉਨ੍ਹਾਂ ਲੋਕਾਂ ਵਿੱਚ ਕੁਝ ਲਿਬਰਲ ਕੌਕਸ ਦੇ ਮੈਂਬਰ ਵੀ ਹਨ।

ਧਾਲੀਵਾਲ ਨੇ ਮੰਗਲਵਾਰ ਨੂੰ ਕਿਹਾ ਸੀ, ਅਸੀਂ ਕੈਨੇਡੀਅਨ ਹੋਣ ਦੇ ਨਾਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ‘ਤੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਕਾਨੂੰਨ ਅਤੇ ਇਨਸਾਫ਼ ਦਾ ਦੇਸ਼ ਹਾਂ। ਜਦੋਂ ਗੱਲ ਬੁਨਿਆਦੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਲਈ ਇਨਸਾਫ਼ ਦੇਣ ਦੀ ਹੁੰਦੀ ਹੈ, ਤਾਂ ਇਹ ਕਿਸੇ ਤਰ੍ਹਾਂ ਵੀ ਸਮਝੌਤਾ ਯੋਗ ਨਹੀਂ ਹੁੰਦਾ।
ਪਿਛਲੇ ਅਕਤੂਬਰ ਵਿੱਚ, ਆਰਸੀਐਮਪੀ ਦੇ ਕਮਿਸ਼ਨਰ ਮਾਈਕ ਡੂਹੀਮ ਨੇ ਕਿਹਾ ਸੀ ਕਿ ਉਹਨਾਂ ਦੀ ਪੁਲਿਸ ਕੋਲ ਕੈਨੇਡਾ ਵਿੱਚ ਵਾਪਰ ਰਹੀਆਂ ਹੋਰ ਅਪਰਾਧਕ ਗਤੀਵਿਧੀਆਂ, ਜਿਹਨਾਂ ਵਿਚ ਕਤਲ ਅਤੇ ਜਬਰਨ ਵਸੂਲੀ ਵੀ ਸ਼ਾਮਲ ਹਨ, ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਜੋੜਣ ਵਾਲੇ ਸਬੂਤ ਮੌਜੂਦ ਹਨ।

ਜਸਟਿਸ ਮੈਰੀ ਹੌਗ, ਜਿਨ੍ਹਾਂ ਨੇ ਪਿਛਲੇ ਸਾਲ ਵਿਦੇਸ਼ੀ ਦਖਲਅੰਦਾਜ਼ੀ ‘ਤੇ ਜਨਤਕ ਜਾਂਚ ਕਮੀਸ਼ਨ ਦੀ ਅਗਵਾਈ ਕੀਤੀ ਸੀ, ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਚੀਨ ਅਤੇ ਭਾਰਤ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਿਦੇਸ਼ੀ ਦਖ਼ਲਅੰਦਾਜ਼ੀ ਦੀਆਂ ਗਤੀਵਿਧੀਆਂ ਵਿਚ ਮੋਹਰੀ ਹਨ।
ਧਾਲੀਵਾਲ ਨੇ ਕਿਹਾ, ਹੁਣ ਜਦੋਂ ਮੋਦੀ ਨੂੰ ਸੱਦਾ ਦੇ ਦਿੱਤਾ ਗਿਆ ਹੈ, ਸਾਨੂੰ ਹੁਣ ਅੱਗੇ ਵਧਣਾ ਪਵੇਗਾ। (ਕਾਰਨੀ) ਨੂੰ ਇਸ ਮਾਮਲੇ ‘ਤੇ ਖ਼ਦਸ਼ੇ ਦੱਸ ਦਿੱਤੇ ਗਏ ਹਨ ਅਤੇ ਉਹ ਕੈਨੇਡੀਅਨ ਲੋਕਾਂ ਲਈ ਮਹੱਤਵਪੂਰਨ ਮਸਲਿਆਂ ਨਾਲ ਨਜਿੱਠਣ ਵਿੱਚ ਕਾਫੀ ਮਜ਼ਜਬੂਤ ਰਹਿਣਗੇ।

ਬੀਸੀ ਤੋਂ ਇੱਕ ਹੋਰ ਲਿਬਰਲ ਐਮਪੀ ਗੁਰਬਖ਼ਸ਼ ਸੈਣੀ ਨੇ ਕਿਹਾ ਕਿ ਮੋਦੀ ਨੂੰ ਜੀ-7 ਲਈ ਸੱਦਾ ਦੇਣ ਅਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਸੰਭਾਵਿਤ ਸੱਦਾ ਦੇਣ ਦੇ ਫੈਸਲੇ ਨਾਲ ਕੈਨੇਡਾ ਦੀ ਮਨੁੱਖੀ ਅਧਿਕਾਰਾਂ ਦੇ ਵੱਡੇ ਹਿਮਾਇਤੀ ਦੇ ਤੌਰ ‘ਤੇ ਬਣੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਸੈਣੀ ਨੇ ਬੁੱਧਵਾਰ ਨੂੰ ਕਿਹਾ, ਇਹ ਨੁਕਸਾਨਦੇਹ ਗੱਲ ਹੈ ਕਿਉਂਕਿ ਅਸੀਂ ਦੁਨੀਆ ਵਿੱਚ ਸਹਿਣਸ਼ੀਲ ਅਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਤੌਰ ਤੇ ਜਾਣੇ ਜਾਂਦੇ ਹਾਂ, ਅਤੇ ਇਹ ਗੱਲ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆਈ ਗਈ ਹੈ।

ਕਾਰਨੀ ਨੇ ਬੁੱਧਵਾਰ ਨੂੰ ਕੌਕਸ ਮੀਟਿੰਗ ਵਿੱਚ ਦਾਖ਼ਲ ਹੋਣ ਵੇਲੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਕੁਝ ਹਲਕਿਆਂ ਤੋਂ ਉਨ੍ਹਾਂ ਕੋਲ ਲੀਡਰਾਂ ਨੂੰ ਦਿੱਤੇ ਸੱਦਿਆਂ ਬਾਰੇ ਚਿੰਤਾਵਾਂ ਆਈਆਂ ਹਨ।

ਸਿੱਧੂ ਨੇ ਕੌਕਸ ਰੂਮ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਿਹਾ, ਪਰ ਮੇਰੇ ਖਿਆਲ ਵਿੱਚ ਇਹ ਗੱਲ ਮਹੱਤਵਪੂਰਨ ਹੈ ਕਿ ਮੌਜੂਦਾ ਸਮੇਂ, ਜਦੋਂ ਸੰਕਟ ਦੀ ਸਥਿਤੀ ਬਣੀ ਹੋਈ ਹੈ, ਅਸੀਂ ਸਹਿਯੋਗ ਕਰ ਸਕੀਏ ਅਤੇ ਕੁਝ ਮੁੱਦਿਆਂ ਦਾ ਹੱਲ ਕੱਢੀਏ।

ਸਿੱਧੂ ਨੇ ਜਿਸ ਸੰਕਟ ਦੀ ਗੱਲ ਕੀਤੀ, ਉਹ ਅਮਰੀਕਾ ਨਾਲ ਚੱਲ ਰਹੀ ਟੈਰਿਫ਼ ਲੜਾਈ ਨੂੰ ਲੈ ਕੇ ਸੀ।

ਧਾਲੀਵਾਲ, ਜੋ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਜਿੱਥੇ ਨਿੱਝਰ ਦੀ ਹੱਤਿਆ ਹੋਈ ਸੀ, ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਸੱਦਾ ਕੈਨੇਡਾ ਦੀਆਂ ਕਦਰਾਂ-ਕੀਮਤਾਂ ਨਾਲ ਵਿਸ਼ਵਾਸਘਾਤ ਹੈ।

ਧਾਲੀਵਾਲ ਨੇ ਕਿਹਾ, ਸਾਨੂੰ ਉਹਨਾਂ ਨੂੰ ਸੱਦਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਸੀ ਕਿ ਉਹ, ਉਨ੍ਹਾਂ ਦੀ ਟੀਮ ਜਾਂ ਉਨ੍ਹਾਂ ਦੇ ਵਿਭਾਗ, ਕੈਨੇਡੀਅਨ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ।

ਕਾਰਨੀ ਕਹਿੰਦੇ ਹਨ ਕਿ ਉਹ ਪੁਲਿਸ ਜਾਂਚ ਨਾਲ ਸੰਬੰਧਤ ਮਾਮਲਿਆਂ ਨੂੰ ਜੀ-7 ਦੀ ਕੈਨੇਡਾ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਤੋਂ ਵੱਖ ਰੱਖਣਾ ਚਾਹੁੰਦੇ ਹਨ ਅਤੇ ਉਹ ਦਲੀਲ ਦਿੰਦੇ ਹਨ ਕਿ ਭਾਰਤ, ਜੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ‘ਚੋਂ ਇੱਕ ਹੈ, ਨੂੰ ਮੀਜ਼ ‘ਤੇ ਹੋਣਾ ਚਾਹੀਦਾ ਹੈ।

ਕਾਰਨੀ ਨੇ ਕਿਹਾ ਹੈ ਕਿ ਭਾਰਤ ਨੇ ਕਾਨੂੰਨੀ ਏਜੰਸੀਆਂ ਦੀ ਵਾਰਤਾ ਸੰਬੰਧੀ ਗੱਲਬਾਤ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ।

ਮੋਦੀ ਵੱਲੋਂ ਸ਼ੁੱਕਰਵਾਰ ਨੂੰ ਕਾਰਨੀ ਨਾਲ ਹੋਈ ਫ਼ੋਨ ਗੱਲਬਾਤ ਬਾਰੇ ਦਿੱਤੇ ਬਿਆਨ ਵਿੱਚ ਪੁਲਿਸ ਜਾਂਚ ਜਾਂ ਸਹਿਯੋਗ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ।

By Rajeev Sharma

Leave a Reply

Your email address will not be published. Required fields are marked *