ਡੇਰਾਬੱਸੀ, 3 ਮਾਰਚ (ਗੁਰਪ੍ਰੀਤ ਸਿੰਘ): ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕ 321-ਐਫ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਆਪਣਾ ਵਧੀਆ ਯੋਗਦਾਨ ਪਾ ਰਿਹਾ ਹੈ। ਸੰਸਥਾ ਦਾ ਉਦੇਸ਼ ਨਿਰੋਲ ਸਮਾਜ ਸੇਵਾ ਕਰਨਾ ਹੈ, ਜਿਸ ਵਿੱਚ ਹਰ ਮੈਂਬਰ ਆਪਣੀ ਭੂਮਿਕਾ ਨਿਭਾ ਰਿਹਾ ਹੈ। ਇਸ ਦਾ ਮਨੋਰਥ ਗੰਧਲੀ ਸਿਆਸਤ ਨੂੰ ਛੱਡ ਕੇ ਨਿਰੋਲ ਸਮਾਜ ਸੇਵਾ ਕਰਨਾ ਹੈ ਜਿਸ ਹਰ ਮੈਂਬਰ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਦੇ ਰੀਜ਼ਨ ਚੇਅਰਮੈਨ ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ ਨੇ ਇਥੇ ਰੀਜ਼ਨ ਅਧੀਨ ਇੱਕ ਦਰਜਨ ਤੋਂ ਵੱਧ ਕਲੱਬਾਂ ਦੇ ਆਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸਾਇਬਰ ਅਪਰਾਧਾਂ ਤੋਂ ਚੌਕਸ ਕਰਨ ਲਈ ਸੈਮੀਨਾਰ, ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਹਿਰ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਨੇ ਦੱਸਿਆ ਕਿ ਅਗਾਮੀ 20 ਅਪ੍ਰੈਲ ਨੂੰ ਰੀਜ਼ਨ ਦੇ ਤਹਿਤ ਕਲੱਬਾਂ ਨੂੰ ਸੇਵਾ ਕਾਰਜਾਂ ਲਈ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿਚ ਡਿਸਟ੍ਰਿਕ ਗਵਰਨਰ ਮੁੱਖ ਮਹਿਮਾਨ ਅਤੇ ਵਾਈਸ ਡਿਸਟ੍ਰਿਕ ਗਵਰਨਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਸਵਾਲ ਜਵਾਬ ਸੈਸ਼ਨ ਦੌਰਾਨ ਰੀਜ਼ਨ ਚੇਅਰਮੈਨ ਨੇ ਆਹੁਦੇਦਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਮਾਜ ਸੇਵਾ ਜਿਥੇ ਉਨ੍ਹਾਂ ਨੂੰ ਸਮਾਜ ਵਿੱਚ ਸਨਮਾਨਜਨਕ ਰੁਤਬਾ ਦਿਵਾਉਂਦੀ ਹੈ ਉਥੇ ਉਨ੍ਹਾਂ ਦਾ ਧਾਰਮਿਕ ਤੌਰ ਤੇ ਵੀ ਜੀਵਨ ਸਫ਼ਲ ਹੁੰਦਾ ਹੈ। ਸਟੇਜ ਸਕੱਤਰ ਦੀ ਕਾਰਵਾਈ ਰੀਜ਼ਨ ਸਕੱਤਰ ਸਨੰਤ ਭਾਰਦਵਾਜ, ਰੀਜ਼ਨ ਪੀ.ਆਰ.ਓ. ਕਰਮ ਸਿੰਘ, ਰੀਜ਼ਨ ਜੋ਼ਨ-1 ਦੇ ਚੇਅਰਮੈਨ ਅਮਨਦੀਪ ਸਿੰਘ ਗੁਲਾਟੀ, ਬਿਕਰਮ ਜਿੰਦਲ, ਉਮਾਕਾਂਤ ਮਹਿਤਾ ਸਮੇਤ ਚੰਡੀਗੜ੍ਹ, ਮੋਹਾਲੀ, ਡੇਰਾਬਸੀ ਅਤੇ ਜ਼ੀਰਕਪੁਰ ਕਲੱਬਾਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
