ਡੇਰਾਬੱਸੀ ‘ਚ ਸਾਹਿਤਕ ਰੌਣਕ: ‘ਆਜ਼ਾਦ’ ਦੇ 82ਵੇਂ ਜਨਮ ਦਿਨ ‘ਤੇ ਦੋ ਕਿਤਾਬਾਂ ਲੋਕ ਅਰਪਿਤ

ਡੇਰਾਬੱਸੀ (ਗੁਰਪ੍ਰੀਤ ਸਿੰਘ): ਪੰਜਾਬੀ ਸਾਹਿਤ ਸਭਾ (ਰਜਿ:), ਡੇਰਾਬੱਸੀ ਵੱਲੋਂ ਅੱਜ ਸਥਾਨਕ ਪਾਰਸ ਹੋਟਲ ਵਿਖੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਸੈਣੀ ਸਟੇਟ ਐਵਾਰਡੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਉਹਨਾਂ ਦੇ ਪਿਤਾ ਅਤੇ ਪੁਆਧ ਦੇ ਪ੍ਰਸਿੱਧ ਲੋਕ-ਕਵੀ ਸ. ਗੁਰਬਚਨ ਸਿੰਘ ‘ਆਜ਼ਾਦ’ ਦੇ 82ਵੇਂ ਜਨਮ ਦਿਨ ਮੌਕੇ, ਉਹਨਾਂ ਦੀਆਂ ਦੋ ਕਿਤਾਬਾਂ ਸਵੈ-ਜੀਵਨੀ ‘ਮੇਰਾ ਜੀਵਨ ਮੇਰੀ ਗਾਥਾ’ (ਤੀਜਾ ਐਡੀਸ਼ਨ) ਅਤੇ ਕਾਵਿ-ਸੰਗ੍ਰਹਿ ‘ਰੰਗ-ਬਰੰਗ’ (ਦੂਜਾ ਐਡੀਸ਼ਨ) ਲੋਕ-ਅਰਪਣ ਕੀਤੇ ਗਏ।

ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹੱਸਮੁੱਖ ਵੱਲੋਂ ਸਾਹਿਤ-ਪ੍ਰੇਮੀਆਂ ਦੇ ਸੁਆਗਤ ਨਾਲ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਸ੍ਰੀ ਐੱਨ.ਕੇ. ਸ਼ਰਮਾ ਨੇ, ‘ਆਜ਼ਾਦ’ ਦੀ ਸਾਹਿਤਕ ਦੇਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਸਾਡੇ ਖੇਤਰ ਦਾ ਅਸਲ ਸਰਮਾਇਆ ਹਨ, ਜਿਹਨਾਂ ਵਿੱਚ ਪੁਆਧ ਦੀ ਧਰਮ-ਨਿਰਪੱਖਤਾ ਅਤੇ ਆਪਸੀ ਸਾਂਝ ਝਲਕਦੀ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪੁਆਧੀ ਪੰਜਾਬੀ ਸੱਥ, ਮੁਹਾਲੀ ਦੇ ਮੁਖੀ ਸ੍ਰੀ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ‘ਆਜ਼ਾਦ’ ਨੇ ਪੁਆਧੀ ਬੋਲੀ ਅਤੇ ਸੱਭਿਆਚਾਰ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਦਿਵਾਈ ਹੈ। ਉਹਨਾਂ ਕਿਹਾ ਕਿ ਹੱਕ-ਸੱਚ ’ਤੇ ਪਹਿਰਾ ਦੇਣਾ ਇੱਕ ਸੱਚੇ ਸਾਹਿਤਕਾਰ ਦਾ ਧਰਮ ਹੈ ਜਿਸ ਨੂੰ ਆਜ਼ਾਦ ਨੇ ਬਾਖ਼ੂਬੀ ਨਿਭਾਇਆ ਹੈ। ਜ਼ਿਕਰਯੋਗ ਹੈ ਕਿ ਅੱਜ ਸਾਬਕਾ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ, ਪ੍ਰੈੱਸ ਕਲੱਬ ਦੇ ਪ੍ਰਧਾਨ ਹਰਜੀਤ ਲੱਕੀ ਅਤੇ ਲੇਖਕ ਦੇ ਪੋਤਰੇ ਤੇਜਵੀਰ ਸੈਣੀ ਦਾ ਵੀ ਜਨਮਦਿਨ ਸੀ। ਲੇਖਕ ਦੇ ਪਰਿਵਾਰ ਵੱਲੋਂ ਸਮੂਹ ਸਾਹਿਤ-ਪ੍ਰੇਮੀਆਂ ਨੂੰ ਵਿਦਾਇਗੀ ਮੌਕੇ ਪੌਦੇ ਭੇਂਟ ਕੀਤੇ ਗਏ।

ਇਸ ਮੌਕੇ ਗਿਆਨੀ ਧਰਮ ਸਿੰਘ ਭੰਖਰਪੁਰ, ਲੈਕਚਰਾਰ ਜੈਪਾਲ ਵੱਲੋਂ ਕਿਤਾਬਾਂ ਤੇ ਚਰਚਾ ਕੀਤੀ ਗਈ। ਇਸ ਸਮਾਗਮ ਵਿੱਚ ਸੋਨੂੰ ਸੇਠੀ ਨੇ ਗਾਇਕ ਸ਼ਹਿਜ਼ਾਦਾ ਨਾਲ ਹਾਜ਼ਰੀ ਲਵਾਉਂਦੇ ਹੋਇਆਂ ਆਪਣੇ ਗੀਤ ਸਾਂਝੇ ਕੀਤੇ। ਸਭਾ ਦੇ ਜਨਰਲ ਸਕੱਤਰ ਗੁਰਜਿੰਦਰ ਸਿੰਘ ਬੜਾਣਾ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਸੈਣੀ, ਕ੍ਰਿਸ਼ਨਪਾਲ ਸ਼ਰਮਾ, ਅਮਿਤ ਬਿੰਦਲ, ਰੋਟਰੀ ਕਲੱਬ ਦੇ ਸਕੱਤਰ ਹਰਿੰਦਰ ਹਨੀ, ਐਡਵੋਕੇਟ ਕੰਵਲਜੀਤ ਸਿੰਘ, ਸ਼ਾਮ ਸਿੰਘ ਸੰਧੂ, ਐਡਵੋਕੇਟ ਅਨਮੋਲ ਸਿੰਘ, ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ, ਭਜਨਬੀਰ ਸਿੰਘ, ਅਨਿਲ ਚੌਹਾਨ, ਜਸਵੀਰ ਪਰਾਗਪੁਰੀ, ਪ੍ਰੋ. ਰਵਿੰਦਰ ਸਿੰਘ, ਕਮਲਦੀਪ ਕੌਰ, ਪਰਵੀਨ ਕੌਰ, ਰਾਮ ਲਾਲ ਅਸਤ, ਚੰਦਰਪਾਲ ਅੱਤਰੀ, ਮਲਕੀਤ ਸਿੰਘ ਮਲਕਪੁਰ, ਸੁਰਜੀਤ ਕੋਹਾੜ, ਸਤਗੁਰ ਸਿੰਘ ਨੇ ਵੀ ਸ਼ਿਰਕਤ ਕੀਤੀ।

By Gurpreet Singh

Leave a Reply

Your email address will not be published. Required fields are marked *