ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਇਆ ਸਿਰ

ਸ੍ਰੀ ਕੀਰਤਪੁਰ ਸਾਹਿਬ- ਪ੍ਰੇਮ ਸੰਬੰਧਾਂ ਦੇ ਚਲਦੇ ਹੋਏ ਇਕ ਨੌਜਵਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਪੁਲਸ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਤੋਂ ਏ. ਐੱਸ. ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 4 ਵਜੇ ਰੇਲਵੇ ਸਟੇਸ਼ਨ ਤੋਂ ਸੂਚਨਾ ਮਿਲੀ ਕਿ ਪਿੰਡ ਹਰੀਵਾਲ ਰੇਲਵੇ ਫਾਟਕਾਂ ਦੇ ਨੇੜੇ ਰੇਲਵੇ ਟਰੈਕ ’ਤੇ ਦੌਲਤਪੁਰ ਹਿਮਾਚਲ ਪ੍ਰਦੇਸ਼ ਤੋਂ ਜੈਪੁਰ ਅਤੇ ਗਾਂਧੀ ਨਗਰ ਜਾ ਰਹੀ ਸੋਮਨਾਥ ਐਕਸਪ੍ਰੈਸ ਨੰ. 19412 ਦੇ ਹੇਠਾਂ ਆ ਕੇ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਪਛਾਣ ਨੀਰਜ (22) ਪੁੱਤਰ ਕ੍ਰਿਸ਼ਨ ਉਰਫ਼ ਗੁੱਜਰ ਵਾਸੀ ਰਾਜਸਥਾਨੀ ਝੁੱਗੀਆਂ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ। ਉਕਤ ਨੌਜਵਾਨ ਵੇਟਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਿਉਂ ਕੀਤੀ ਗਈ ਹੈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲਸ ਵੱਲੋਂ ਬੀ. ਐੱਨ. ਐੱਸ. ਦੀ ਧਾਰਾ 194 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰੱਖਵਾ ਦਿੱਤੀ ਹੈ।

ਪ੍ਰੇਮ ਸੰਬੰਧਾਂ ਦੇ ਚੱਲਦੇ ਹੋਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ –
ਦੂਜੇ ਪਾਸੇ ਇਸ ਸਬੰਧੀ ਰਾਜਸਥਾਨੀ ਝੁੱਗੀਆਂ ਸ੍ਰੀ ਕੀਰਤਪੁਰ ਸਾਹਿਬ ਵਿਚ ਰਹਿਣ ਵਾਲੇ ਕੁਝ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਨੀਰਜ ਦੇ ਰਾਜਸਥਾਨ ਵਿਖੇ ਇਕ ਕੁੜੀ ਨਾਲ ਪ੍ਰੇਮ ਸੰਬੰਧ ਸਨ। ਕਰੀਬ ਤਿੰਨ-ਚਾਰ ਮਹੀਨੇ ਪਹਿਲਾਂ ਦੋਵੇਂ ਘਰ ਤੋਂ ਭੱਜ ਗਏ ਸਨ ਅਤੇ ਇਕੱਠੇ ਰਹਿੰਦੇ ਸਨ।
ਹੌਲੀ-ਹੌਲੀ ਨੀਰਜ ਦਾ ਆਪਣੇ ਘਰਦਿਆਂ ਨਾਲ ਸੰਪਰਕ ਹੋਇਆ ਅਤੇ ਉਸ ਦੇ ਘਰਦਿਆਂ ਨੇ ਉਸ ਨੂੰ ਘਰ ਬੁਲਾ ਲਿਆ, ਇਸ ਤੋਂ ਬਾਅਦ ਖਾਪ ਪੰਚਾਇਤ ਵੱਲੋਂ ਦੋਵੇਂ ਪਰਿਵਾਰਾਂ ਵਿਚ ਫ਼ੈਸਲਾ ਕਰਵਾ ਦਿੱਤਾ ਗਿਆ ਅਤੇ ਲੜਕੀ ਜਿਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ, ਨੂੰ ਖਾਪ ਪੰਚਾਇਤ ਨੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਰਾਜਸਥਾਨ ਭੇਜ ਦਿੱਤਾ ਪਰ ਇਸ ਦੇ ਬਾਵਜੂਦ ਦੋਵੇਂ ਮੋਬਾਇਲ ਫੋਨ ਰਾਹੀਂ ਇਕ ਦੂਜੇ ਨਾਲ ਸੰਪਰਕ ਵਿਚ ਰਹੇ। ਬੀਤੀ ਰਾਤ ਉਕਤ ਲੜਕੀ ਰਾਜਸਥਾਨ ਤੋਂ ਸ੍ਰੀ ਕੀਰਤਪੁਰ ਸਾਹਿਬ ਨੀਰਜ ਦੇ ਘਰ ਪਹੁੰਚ ਗਈ। ਲੜਕੀ ਦੇ ਪਰਿਵਾਰਕ ਮੈਂਬਰ ਵੀ ਪਿੱਛਾ ਕਰਦੇ ਹੋਏ ਰਾਜਸਥਾਨ ਤੋਂ ਸ੍ਰੀ ਕੀਰਤਪੁਰ ਸਾਹਿਬ ਪੁੱਜ ਗਏ। ਲੜਕੀ ਨੇ ਸਪਸ਼ਟ ਤੌਰ ’ਤੇ ਕਹਿ ਦਿੱਤਾ ਕਿ ਉਹ ਨੀਰਜ ਨਾਲ ਰਹਿਣਾ ਚਾਹੁੰਦੀ ਹੈ।

ਇਸ ਦੌਰਾਨ ਨੀਰਜ ਅਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਿਚ ਕਾਫ਼ੀ ਬਹਿਸਬਾਜੀ ਵੀ ਹੋਈ। ਮਸਲਾ ਪੁਲਸ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਪੁੱਜ ਗਿਆ, ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਨੀਰਜ ਖ਼ਿਲਾਫ਼ ਰਾਜਸਥਾਨ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੋਇਆ ਹੈ, ਜਿਸ ਤੋਂ ਬਾਅਦ ਕੀਰਤਪੁਰ ਸਾਹਿਬ ਪੁਲਸ ਵਲੋਂ ਰਾਜਸਥਾਨ ਪੁਲਸ ਨਾਲ ਸੰਪਰਕ ਕਰ ਕੇ ਪਰਚੇ ਦੀ ਪੁਸ਼ਟੀ ਕੀਤੀ ਗਈ। ਆਪਣੇ ਖਿਲਾਫ ਰਾਜਸਥਾਨ ਵਿਖੇ ਪਰਚਾ ਦਰਜ ਹੋਣ ਬਾਰੇ ਪਤਾ ਲੱਗਣ ਤੇ ਨੀਰਜ ਕਾਫੀ ਘਬਰਾ ਗਿਆ ਅਤੇ ਕੀਰਤਪੁਰ ਸਾਹਿਬ ਤੋਂ ਪੈਦਲ ਹੀ ਰੇਲਵੇ ਲਾਈਨ ਤੋਂ ਹੁੰਦਾ ਹੋਇਆ ਪਿੰਡ ਹਰੀਵਾਲ ਪਹੁੰਚ ਗਿਆ ਅਤੇ ਉਥੇ ਉਸ ਨੇ ਸੋਮਨਾਥ ਐਕਸਪ੍ਰੈਸ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ।

By Gurpreet Singh

Leave a Reply

Your email address will not be published. Required fields are marked *