ਲੁਧਿਆਣਾ – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅੱਜ ਉਹਨਾਂ ਦੀ ਨਾਮਜ਼ਦਗੀ ਦਾਖਲ ਕਰਨ ਦੇ ਮੌਕੇ ‘ਤੇ ਆਮ ਆਦਮੀ ਪਾਰਟੀ ਨੇ ਇਕ ਭਵਿਆ ਰੋਡ ਸ਼ੋਅ ਆਯੋਜਿਤ ਕੀਤਾ, ਜਿਸ ਵਿੱਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ, ਆਤਿਸ਼ੀ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਭਾਰੀ ਹਾਜ਼ਰੀ ਰਹੀ।
ਰੋਡ ਸ਼ੋਅ ਆਰਤੀ ਚੌਕ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ ਰਾਹੀਂ ਡੀਸੀ ਦਫ਼ਤਰ ਤੱਕ ਗਿਆ। ਇਹ ਰੋਡ ਸ਼ੋਅ ਪੂਰੇ ਲੁਧਿਆਣਾ ਵਿੱਚ ਸ਼ਾਨਦਾਰ ਜ਼ੋਸ਼ ਅਤੇ ਜਨੂਨ ਦਾ ਕੇਂਦਰ ਬਣਿਆ।
ਭਗਵੰਤ ਮਾਨ ਨੇ ਭਾਸ਼ਣ ਦੌਰਾਨ ਕਿਹਾ, “19 ਤਰੀਕ ਨੂੰ ਚੋਣ ਹੋਣੀ ਹੈ ਅਤੇ ਉਮੀਦਵਾਰ ਸੰਜੀਵ ਅਰੋੜਾ ਅੱਜ ਆਪਣੀ ਨਾਮਜ਼ਦਗੀ ਦਾਇਰ ਕਰਨ ਜਾ ਰਹੇ ਹਨ। ਪਿਛਲੀ ਵਾਰੀ ਲੋਕਾਂ ਨੇ ਗੁਰਪ੍ਰੀਤ ਗੋਗੀ ‘ਤੇ ਵਿਸ਼ਵਾਸ ਕੀਤਾ, ਪਰ ਅਫ਼ਸੋਸ ਕਿ ਉਹ ਹੁਣ ਦਰਮਿਆਨ ਨਹੀਂ ਰਹੇ। ਲੋਕਾਂ ਦੇ ਜੋਸ਼ ਅਤੇ ਜਨੂਨ ਦੇਖ ਕੇ ਇਹ ਲੱਗਦਾ ਕਿ ਚੋਣ ਨਿਸ਼ਾਨ ਕਿਸੇ ਵੀ ਨੰਬਰ ਤੇ ਹੋਵੇ, ਜਿੱਤ ਪਹਿਲੇ ਨੰਬਰ ਤੇ ‘ਆਪ’ ਦੀ ਹੋਵੇਗੀ।”
ਅਰਵਿੰਦ ਕੇਜਰੀਵਾਲ ਨੇ ਕਿਹਾ, “ਜਿਵੇਂ ਮੋਦੀ ਜੀ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਰਗਾਂ ‘ਚ ਸਿੰਧੂਰ ਦੌੜਦਾ ਹੈ, ਉਵੇਂ ਹੀ ਸੰਜੀਵ ਅਰੋੜਾ ਦੀਆਂ ਰਗਾਂ ‘ਚ ਲੁਧਿਆਣਾ ਦੌੜਦਾ ਹੈ। ਅਸੀਂ ਉਹੀ ਵਿਧਾਇਕ ਚਾਹੀਦਾ ਜੋ 24 ਘੰਟੇ ਲੋਕਾਂ ਦੀ ਚਿੰਤਾ ਕਰੇ।”
ਕੇਜਰੀਵਾਲ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ 2022 ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਪੰਜਾਬ ਦੀ ਜਨਤਾ ਨੇ ਇਤਿਹਾਸ ਰਚਿਆ ਸੀ ਅਤੇ ਉਮੀਦ ਜਤਾਈ ਕਿ ਲੁਧਿਆਣਾ ਵੈਸਟ ਫਿਰ ਇੱਕ ਵਾਰੀ ਝਾੜੂ ਨਿਸ਼ਾਨ ਨੂੰ ਚੁਣੇਗਾ।
ਸੰਜੀਵ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਲੁਧਿਆਣਾ ਦੀਆਂ ਪੁਰਾਣੀਆਂ ਰਜਿਸਟਰੀਆਂ, ਜੋ 50–60 ਸਾਲਾਂ ਤੋਂ ਲਟਕੀਆਂ ਹੋਈਆਂ ਸਨ, ਉਨ੍ਹਾਂ ਨੂੰ ਢਾਈ ਮਹੀਨਿਆਂ ‘ਚ ਨਿਪਟਾਉਣ ਵਾਲੀ ਕਾਮਯਾਬੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਲੁਧਿਆਣੇ ਨੂੰ ਐਸਾ ਸ਼ਹਿਰ ਬਣਾਇਆ ਜਾਵੇਗਾ ਜਿਸ ‘ਚ ਹਰ ਆਉਣ ਵਾਲਾ ਮੀਹਮਾਨ ਕਹੇ, “ਸਾਡਾ ਵੀ ਸ਼ਹਿਰ ਲੁਧਿਆਣੇ ਵਰਗਾ ਹੋਵੇ।”
