ਡੇਰਾਬੱਸੀ, 11 ਅਪ੍ਰੈਲ (ਗੁਰਪ੍ਰੀਤ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਰਪ੍ਰਸਤੀ ਹੇਠ ਡੇਰਾਬੱਸੀ ਇਲਾਕੇ ਵਿੱਚ ਮਹਾਨ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਚਿੰਤਕ ਮਹਾਤਮਾ ਜੋਤੀ ਰਾਓ ਫੂਲੇ ਦੀ 198ਵੀਂ ਜਯੰਤੀ ਬੜੀ ਸ਼ਰਧਾ, ਉਤਸ਼ਾਹ ਅਤੇ ਸਮਾਜਿਕ ਨਿਆਂ ਦੀ ਵਚਨਬੱਧਤਾ ਨਾਲ ਮਨਾਈ ਗਈ। ਡੇਰਾਬੱਸੀ ਦੇ ਯੂਥ ਕਾਂਗਰਸੀ ਆਗੂ ਅਮਿਤ ਬਾਵਾ ਸੈਣੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਰਾਜ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਦੇਸ਼ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ।
ਰਾਹੁਲ ਗਾਂਧੀ ਦੀ ਸੋਚ ਹੀ ਫੂਲੇ ਸਾਹਿਬ ਨੂੰ ਸੱਚੀ ਸ਼ਰਧਾਂਜਲੀ: ਦਲਵੀ ਤੇ ਕਾਵਰੇ
ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਸ੍ਰੀ ਰਵਿੰਦਰ ਦਲਵੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਫੂਲੇ ਸਾਹਿਬ ਤੋਂ ਪ੍ਰੇਰਨਾ ਲੈ ਕੇ ਹੀ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਭਾਜਪਾ ਸਰਕਾਰ ਸੰਵਿਧਾਨ ਅਤੇ ਰਾਖਵੇਂਕਰਨ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ, ਜਿਸ ਵਿਰੁੱਧ ਰਾਹੁਲ ਗਾਂਧੀ ਦੇਸ਼ ਭਰ ਵਿੱਚ ਲੜਾਈ ਲੜ ਰਹੇ ਹਨ।
ਕਾਂਗਰਸ ਦੀ ਰਾਸ਼ਟਰੀ ਬੁਲਾਰਾ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਸਾਬਕਾ ਡਿਪਟੀ ਸਪੀਕਰ ਕੁਮਾਰੀ ਹੀਨਾ ਕਾਵਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਹੀ ਦੇਸ਼ ਦੇ ਇਕਲੌਤੇ ਅਜਿਹੇ ਆਗੂ ਹਨ ਜੋ ਪੱਛੜਿਆਂ, ਦਲਿਤਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਨਿਡਰ ਹੋ ਕੇ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ ਨਿਆਂ ਯਾਤਰਾ’ ਅਸਲ ਵਿੱਚ ਮਹਾਤਮਾ ਫੂਲੇ ਦੇ ਅਹਿੰਸਕ ਸੰਘਰਸ਼ ਦਾ ਹੀ ਆਧੁਨਿਕ ਰੂਪ ਹੈ।

ਇਲਾਕੇ ਦਾ ਨਾਂ ਰੌਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
ਇਸ ਮੌਕੇ ਉਨ੍ਹਾਂ ਔਰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਉੱਚ ਅਹੁਦਿਆਂ ‘ਤੇ ਪਹੁੰਚ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ
ਮਹਿਕ ਮਿੱਤਲ (ਆਈਆਰਐਸ) ਜਿਨ੍ਹਾਂ ਨੇ ਭਾਰਤੀ ਮਾਲ ਸੇਵਾ ਅਧਿਕਾਰੀ ਬਣ ਕੇ ਮਾਣ ਵਧਾਇਆ। ਜਸਪ੍ਰੀਤ ਕੌਰ ਕਕਰਾਲੀ (ਯੂਪੀਐਸਸੀ) ਪ੍ਰੀਖਿਆ ਪਾਸ ਕਰਨ ਵਾਲੀ ਬੇਟੀ, ਜਸਪ੍ਰੀਤ ਕੌਰ ਬਾਜਵਾ ਕੈਨੇਡਾ ਵਿੱਚ ਫੈਡਰਲ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਡੇਰਾਬੱਸੀ ਦੇ ਪਿੰਡ ਬੈਰਮਾਜਰਾ ਦੀ ਧੀ, ਸ੍ਰੀਮਤੀ ਸਾਧਨਾ ਸੰਗਰ ਸਿੱਖਿਆ ਦੇ ਖੇਤਰ ਵਿੱਚ ਲੰਮਾ ਸਮਾਂ ਯੋਗਦਾਨ ਪਾਉਣ ਵਾਲੇ ਸਾਬਕਾ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਘਰ-ਘਰ ਤੱਕ ਲਿਜਾਵਾਂਗੇ ਸਮਾਜਿਕ ਨਿਆਂ ਦਾ ਸੁਨੇਹਾ: ਅਮਿਤ ਬਾਵਾ ਸੈਣੀ
ਪ੍ਰੋਗਰਾਮ ਦੇ ਸੰਚਾਲਕ ਅਮਿਤ ਬਾਵਾ ਸੈਣੀ ਨੇ ਹਾਈਕਮਾਂਡ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵਿੱਢੀ ਸਮਾਜਿਕ ਨਿਆਂ ਦੀ ਲੜਾਈ ਨੂੰ ਡੇਰਾਬੱਸੀ ਦੇ ਹਰ ਘਰ ਅਤੇ ਗਲੀ ਤੱਕ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫੂਲੇ ਸਾਹਿਬ ਦਾ ਸੁਪਨਾ ਇਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਸੀ ਅਤੇ ਕਾਂਗਰਸ ਪਾਰਟੀ ਇਸ ਲਈ ਹਮੇਸ਼ਾ ਤਤਪਰ ਰਹੇਗੀ। ਇਸ ਮੌਕੇ ਹਰਦੀਪ ਸਿੰਘ ਕਿੰਗਰਾ ਰਿਟਾਇਰਡ ਆਈਏਐਸ, ਜ਼ਿਲ੍ਹਾ ਮੁਹਾਲੀ ਕਾਂਗਰਸ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਪ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਧਾਵਾ, ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ, ਗੌਰਵ ਸੰਧੂ, ਮਨੋਜ ਸ਼ਰਮਾ, ਵਿਕਰਮ ਰਾਣਾ, ਪ੍ਰਵੀਨ ਮਖੀਜਾ, ਮਨਪ੍ਰੀਤ ਸਿੰਘ, ਸਾਰਾਂਸ਼ ਸ਼ਰਮਾ, ਬਲਦੇਵ ਸਿੰਘ ਰੁੜਕੀ, ਸਾਬਕਾ ਸਰਪੰਚ ਬਸੰਤ ਸਿੰਘ, ਆਰ.ਡੀ. ਸ਼ਾਸਤਰੀ, ਪ੍ਰਮੋਦ ਰਾਣਾ ਨਾਗਲਾ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ (ਬੀ.ਆਰ. ਅੰਬੇਡਕਰ ਸੁਸਾਇਟੀ, ਸੈਣੀ ਯੂਥ ਫੈਡਰੇਸ਼ਨ, ਭਾਰਤ ਵਿਕਾਸ ਪ੍ਰੀਸ਼ਦ) ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
