ਅੰਮ੍ਰਿਤਸਰ – ਮਾਣਯੋਗ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਿਆਸਤ ’ਚ ਮੁੜ ਸਰਗਰਮ ਹੋ ਗਏ ਹਨ। ਇਸ ਦੌਰਾਨ ਉਹ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੇਲ ਮਿਲਾਪ ਕਰਦੇ ਹੋਏ ਕਈ ਮੀਟਿੰਗਾਂ ਵੀ ਕਰ ਰਹੇ ਹਨ। ਇਸੇ ਲੜੀ ਤਹਿਤ ਮਾਰਕੀਟ ਕਮੇਟੀ ਗਹਿਰੀ ਦੇ ਸਾਬਕਾ ਚੇਅਰਮੈਨ ਜੈਮਲ ਸਿੰਘ ਵਰਪਾਲ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਮਿਲੇ ਅਤੇ ਪਾਰਟੀ ਦੀ ਮਜ਼ਬੂਤੀ ਤੇ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਆਪਣੀਆਂ ਨੀਤੀਆਂ ਨਾਲ ਸਰਕਾਰੀ ਖਜ਼ਾਨਾ ਭਰਨ ਦੇ ਦਾਅਵੇ ਕਰਨ ਵਾਲਾ ਅਰਵਿੰਦ ਕੇਜਰੀਵਾਲ ਹੁਣ ਪੰਜਾਬੀਆਂ ਨੂੰ ਜਵਾਬ ਦੇਵੇ ਕਿ ‘ਆਪ’ ਸਰਕਾਰ ਨੂੰ ਪਟਿਆਲਾ ਸਥਿਤ ਪਾਵਰਕਾਮ (ਪੀ. ਐੱਸ. ਪੀ. ਸੀ. ਐੱਲ.) ਦੀ ਬੇਸ਼ਕੀਮਤੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਦੀ ਕੀ ਲੋੜ ਪੈ ਗਈ। ਉਨ੍ਹਾਂ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਤਜ਼ਰਬਾਹੀਣ ‘ਆਪ’ ਦੀ ਲੀਡਰਸ਼ਿਪ ਪੰਜਾਬ ਵਿਚ ਸਰਕਾਰ ਚਲਾਉਣ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੁਗਾਉਣ ’ਚ ਫੇਲ ਹੋ ਗਈ ਹੈ। ਇਸ ਮੌਕੇ ਸਾਬਕਾ ਚੇਅਰਮੈਨ ਜੈਮਲ ਸਿੰਘ ਵਰਪਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਮੈਦਾਨ ’ਚ ਆਉਣ ਨਾਲ ਅਕਾਲੀ ਆਗੂਆਂ ਤੇ ਵਰਕਰਾਂ ’ਚ ਇਕ ਨਵੀਂ ਜਾਨ ਪੈ ਗਈ ਹੈ। ਇਸ ਸਮੇਂ ਕਵੀਸ਼ਰ ਮਲਕੀਤ ਸਿੰਘ ਵਰਪਾਲ, ਜਸ ਵਰਪਾਲ, ਰਾਜਬੀਰ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
